ਫ਼ਾਰੂਕ ਅਤੇ ਉਮਰ ਨਾਲ ਮੁਲਾਕਾਤ ਮਗਰੋਂ ਨੈਸ਼ਨਲ ਕਾਨਫ਼ਰੰਸ ਦੇ ਵਫ਼ਦ ਨੇ ਕੀਤੀ ਮੰਗ

ਸ੍ਰੀਨਗਰ, 6 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਜੰਮੂ-ਕਸ਼ਮੀਰ ਵਿਚੋਂ ਧਾਰਾ 370 ਖ਼ਤਮ ਕੀਤੇ ਜਾਣ ਵੇਲੇ ਤੋਂ ਹੀ ਨਜ਼ਰਬੰਦ ਫ਼ਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨਾਲ ਅੱਜ ਨੈਸ਼ਨਲ ਕਾਨਫ਼ਰੰਸ ਦੇ ਵਫ਼ਦ ਨੇ ਮੁਲਾਕਾਤ ਕੀਤੀ ਅਤੇ ਮੰਗ ਕੀਤੀ ਕਿ ਮੁੱਖ ਧਾਰਾ ਦੇ ਸਿਆਸਤਦਾਨਾਂ ਨੂੰ ਰਿਹਾਅ ਕਰਦਿਆਂ ਗੱਲਬਾਤ ਸ਼ੁਰੂ ਕੀਤੀ ਜਾਵੇ। ਨੈਸ਼ਨਲ ਕਾਨਫ਼ਰੰਸ ਦੇ ਸੂਬਾਈ ਆਗੂ ਦਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ 15 ਮੈਂਬਰੀ ਵਫ਼ਦ ਨੇ ਉਮਰ ਅਬਦੁੱਲਾ ਨਾਲ ਹਰੀ ਨਿਵਾਸ ਵਿਚ ਮੁਲਾਕਾਤ ਕੀਤੀ ਜਿਥੇ ਉਹ ਆਪਣੀ ਪਾਰਟੀ ਦੇ ਆਗੂਆਂ ਨਾਲ ਸੈਲਫ਼ੀ ਲੈਂਦੇ ਨਜ਼ਰ ਆਏ। ਇਸ ਮਗਰੋਂ ਵਫ਼ਦ ਫ਼ਾਰੂਕ ਅਬਦੁੱਲਾ ਦੀ ਰਿਹਾਇਸ਼ ਵੱਲ ਰਵਾਨਾ ਹੋ ਗਿਆ ਜਿਥੇ ਉਨ•ਾਂ ਨੂੰ ਨਜ਼ਰਬੰਦ ਰੱਖਿਆ ਗਿਆ ਹੈ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿਚ ਕਿਸੇ ਵੀ ਤਰ•ਾਂ ਦੀ ਸਿਆਸੀ ਪ੍ਰਕਿਰਿਆ ਦੀ ਸ਼ੁਰੂਆਤ ਤੋਂ ਪਹਿਲਾਂ ਪਾਰਟੀ ਆਗੂਆਂ ਦੀ ਰਿਹਾਈ ਲਾਜ਼ਮੀ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਨੈਸ਼ਨਲ ਕਾਨਫ਼ਰੰਸ ਬਲਾਕ ਡਿਵੈਲਪਮੈਂਟ ਕਮੇਟੀ ਦੀਆਂ ਚੋਣਾਂ ਵਿਚ ਹਿੱਸਾ ਲਵੇਗੀ, ਰਾਣਾ ਨੇ ਕਿਹਾ ਕਿ ਸਿਆਸੀ ਆਗੂਆਂ ਦੀ ਰਿਹਾਈ ਤੋਂ ਬਗ਼ੈਰ ਕੁਝ ਵੀ ਸੰਭਵ ਨਹੀਂ। ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਆਖ ਚੁੱਕੇ ਹਨ ਕਿ ਜੰਮੂ-ਕਸ਼ਮੀਰ ਵਿਚ ਨਜ਼ਰਬੰਦ ਸਿਆਸਤਦਾਨਾਂ ਨੂੰ ਇਕ-ਇਕ ਕਰ ਕੇ ਰਿਹਾਅ ਕਰ ਦਿਤਾ ਜਾਵੇਗਾ। ਇਸੇ ਪ੍ਰਕਿਰਿਆ ਤਹਿਤ ਨੈਸ਼ਨਲ ਕਾਨਫ਼ਰੰਸ ਦੇ ਵਫ਼ਦ ਨੂੰ ਫ਼ਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਨਾਲ ਮੁਲਾਕਾਤ ਦੀ ਇਜਾਜ਼ਤ ਦਿਤੀ ਗਈ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.