ਹਵਾ ਵਿਚ ਕਈ ਫੁੱਟ ਤੱਕ ਉਛਲੀ ਗੁੱਡੀ ਸਿੱਧੂ ਦੀ ਕਾਰ

ਫ਼ਰਿਜ਼ਨੋ, 7 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਫ਼ੋਰਨੀਆ ਦੇ ਫ਼ਰਿਜ਼ਨੋ ਸ਼ਹਿਰ ਵਿਖੇ ਐਤਵਾਰ ਬਾਅਦ ਦੁਪਹਿਰ ਵਾਪਰੇ ਸੜਕ ਹਾਦਸੇ ਦੌਰਾਨ ਪ੍ਰਸਿੱਧ ਟੈਲੀਵਿਜ਼ਨ ਅਤੇ ਰੇਡੀਉ ਹੋਸਟ ਗੁੱਡੀ ਸਿੱਧੂ ਦੀ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਪਰ ਗੁੱਡੀ ਸਿੱਧੂ ਦੀ ਕਾਰ, ਹਵਾ ਵਿਚ ਕਈ ਫੁੱਟ ਤੱਕ ਉਛਲਦੀ ਵੇਖੀ ਗਈ। ਪੁਲਿਸ ਨੇ ਦੱਸਿਆ ਕਿ ਇਹ ਹਾਦਸਾ ਐਸ਼ਲੇਨ ਅਤੇ ਕੌਰਨੇਲੀਆ ਐਵੇਨਿਊ ਇਲਾਕੇ ਵਿਚ ਵਾਪਰਿਆ ਅਤੇ ਗੁੱਡੀ ਸਿੱਧੂ ਨੂੰ ਮੌਕੇ 'ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁੱਡੀ ਸਿੱਧੂ, ਇਕ ਸਕੂਲੀ ਸਮਾਗਮ ਵਿਚ ਸ਼ਾਮਲ ਹੋਣ ਮਗਰੋਂ ਆਪਣੇ ਰੇਡੀਓ ਸ਼ੋਅ ਵਿਚ ਜਾ ਰਹੇ ਸਨ। ਕੈਲੇਫ਼ੋਰਨੀਆ ਵਿਚ ਪਹਿਲਾ ਪੰਜਾਬੀ ਟੀ.ਵੀ. ਪ੍ਰੋਗਰਾਮ ਕਰਨ ਦਾ ਸਿਹਰਾ ਗੁੱਡੀ ਸਿੱਧੂ ਨੂੰ ਜਾਂਦਾ ਹੈ। ਇਸ ਤੋਂ ਇਲਾਵਾ ਉਨ•ਾਂ ਨੂੰ ਫ਼ਰਿਜ਼ਨੋ ਦੀ ਸਿੱਖ ਮਹਿਲਾ ਆਗੂ ਵਜੋਂ ਵੀ ਜਾਣਿਆ ਜਾਂਦਾ ਸੀ। ਫ਼ਰਿਜ਼ਨੋ ਦੇ ਸਿੱਖ ਇੰਸਟੀਚਿਊਟ ਦੀ ਵਾਇਸ ਪ੍ਰੈਜ਼ੀਡੈਂਟ ਗੁੱਡੀ ਸਿੱਧੂ ਹਮੇਸ਼ਾ ਪੰਜਾਬੀ ਦੀ ਸੇਵਾ ਲਈ ਤਤਪਰ ਰਹੇ। ਪੰਜਾਬੀ ਸਭਿਆਚਰ ਨੂੰ ਪਰਣਾਈ ਗੁੱਡੀ ਸਿੱਧੂ ਵੱਲੋਂ ਹਰ ਸਾਲ ਤੀਆਂ ਦਾ ਮੇਲਾ ਵੀ ਕਰਵਾਇਆ ਜਾਂਦਾ ਸੀ ਅਤੇ ਪੰਜਾਬੀ ਸੰਗੀਤ ਤੇ ਸਾਹਿਤ ਦੇ ਪ੍ਰੋਗਰਾਮਾਂ ਪ੍ਰਤੀ ਉਹ ਹਮੇਸ਼ਾ ਸਮਰਪਿਤ ਰਹੇ। ਉਨ•ਾਂ ਦੀ ਬੇਵਕਤੀ ਮੌਤ ਨਾਲ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ।

ਹੋਰ ਖਬਰਾਂ »