ਅੱਜ ਆਮ ਵਾਂਗ ਲੱਗਣਗੇ ਸਾਰੇ ਸਕੂਲ

ਟੋਰਾਂਟੋ, 7 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਸਰਕਾਰ ਅਤੇ ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਇੰਪਲਾਈਜ਼ ਚੱਲ ਰਹੀ ਗੱਲਬਾਤ ਸਿੱਟੇ ਭਰਪੂਰ ਰਹੀ ਜਿਸ ਦੇ ਮੱਦੇਨਜ਼ਰ ਅੱਜ ਸੂਬੇ ਦੇ ਸਾਰੇ ਸਕੂਲ ਲੱਗ ਰਹੇ ਹਨ। ਉਨਟਾਰੀਓ ਦੇ ਸਿੱਖਿਆ ਮੰਤਰੀ ਸਟੀਫ਼ਨ ਲੇਚੇ ਅਤੇ ਵੱਖ-ਵੱਖ ਸਕੂਲ ਬੋਰਡਾਂ ਨੇ ਦੋਹਾਂ ਧਿਰਾਂ ਦਰਮਿਆਨ ਸਮਝੌਤੇ ਸਿਰੇ ਚੜਨ ਦੀ ਪੁਸ਼ਟੀ ਕਰ ਦਿਤੀ। ਫ਼ਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਕਿ ਸਰਕਾਰ ਅਤੇ ਸਿੱਖਿਆ ਕਾਮਿਆਂ ਦਰਮਿਆਨ ਕਿਹੜੀਆਂ ਸ਼ਰਤਾਂ ਤੈਅ ਹੋਈਆਂ ਹਨ। ਪੀਲ ਡਿਸਟ੍ਰਿਕਟ ਸਕੂਲ ਬੋਰਡ ਅਤੇ ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਟਵਿਟਰ ਰਾਹੀਂ ਸਾਂਝੇ ਕੀਤੇ ਸੁਨੇਹਿਆਂ ਵਿਚ ਕਿਹਾ ਗਿਆ ਹੈ ਕਿ 7 ਅਕਤੂਬਰ ਨੂੰ ਬੱਸਾਂ ਚੱਲਣਗੀਆਂ ਅਤੇ ਸਕੂਲ ਆਮ ਵਾਂਗ ਲੱਗਣਗੇ ਪਰ ਸਕੂਲ ਲੱਗਣ ਤੋਂ ਪਹਿਲਾਂ ਕੋਈ ਸਰਗਰਮੀ ਨਹੀਂ ਹੋਵੇਗੀ ਅਤੇ ਛੋਟੇ ਬੱਚਿਆਂ ਲਈ ਚਾਈਲਡ ਕੇਅਰ ਸੈਂਟਰ ਸਵੇਰੇ 8.30 ਵਜੇ ਖੁੱਲ ਜਾਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੋਮਵਾਰ ਨੂੰ ਸਕੂਲ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਸੀ। ਜੀ.ਟੀ.ਏ. ਦੇ ਤਿੰਨ ਸਭ ਤੋਂ ਵੱਡੇ ਸਕੂਲ ਬੋਰਡਾਂ ਨੇ ਬੱਚਿਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ। ਪੀਲ ਡਿਸਟ੍ਰਿਕਟ ਸਕੂਲ ਬੋਰਡ, ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਅਤੇ ਯਾਰਕ ਰੀਜਨ ਸਕੂਲ ਬੋਰਡ ਵੱਲੋਂ ਮਾਪਿਆਂ ਨੂੰ ਚਿੱਠੀ ਲਿਖ ਕੇ ਸੂਚਿਤ ਕੀਤਾ ਗਿਆ ਸੀ ਕਿ ਹੜਤਾਲ ਦੇ ਸੂਰਤ ਵਿਚ ਸਕੂਲਾਂ ਨੂੰ ਬੰਦ ਰੱਖਣਾ ਹੀ ਬਿਹਤਰ ਕਦਮ ਹੋਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.