ਨਵੀਂ ਦਿੱਲੀ, 10 ਅਕਤੂਬਰ, ਹ.ਬ. :  ਦੁਨੀਆ ਦੇ ਸਭ ਤੋਂ ਵੱਡੇ ਤੇਲ ਉਤਪਾਦਕ ਦੇਸ਼ ਅਤੇ ਰੂੜੀਵਾਦੀ ਰਾਸ਼ਟਰ ਸਾਊਦੀ ਅਰਬ ਨੇ ਐਲਾਨ ਕੀਤਾ ਹੈ ਕਿ ਆਰਥਿਕ ਅਤੇ ਸਮਾਜਕ ਸੁਧਾਰਾਂ ਦੇ ਵਿਆਪਕ ਪ੍ਰੋਗਰਾਮਾਂ ਨੂੰ ਦੇਖਦੇ ਹੋਏ ਉਹ ਮਹਿਲਾਵਾਂ ਨੂੰ ਸੈਨਾ ਵਿਚ ਸੇਵਾ ਕਰਨ ਦੀ ਆਗਿਆ ਦੇਣਗੇ।
ਇਹ ਕਦਮ ਸਾਊਦੀ ਅਰਬ ਨੇ ਤਦ ਚੁੱਕਿਆ ਹੈ ਜਦ ਰਾਸ਼ਟਰ 'ਤੇ ਮਨੁੱਖੀ ਅਧਿਕਾਰ ਸਮੂਹਾਂ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਉਹ ਉਸ ਦੇ ਖ਼ਿਲਾਫ਼ ਆਵਾਜ਼ ਚੁੱਕਣ ਵਾਲੀ ਮਹਿਲਾ ਵਰਕਰਾਂ ਨੂੰ ਗ੍ਰਿਫਤਾਰ ਕਰ ਰਿਹਾ ਹੈ। ਸੈਨਾ ਵਿਚ ਸੇਵਾ ਦੇਣ ਦਾ ਇਹ ਫ਼ੈਸਲਾ ਸਾਊਦੀ ਅਰਬ ਦੁਆਰਾ ਮਹਿਲਾਵਾਂ ਦੇ ਅਧਿਕਾਰਾਂ ਨੂੰ ਵਧਾਉਣ ਦੇ ਮਕਸਦ ਨਾਲ ਲਏ ਜਾ ਰਹੇ ਫ਼ੈਸਲਿਆਂ ਵਿਚ ਸਭ ਤੋਂ ਨਵਾਂ ਫ਼ੈਸਲਾ ਹੈ।
ਸਾਊਦੀ ਵਿਦੇਸ਼ ਮੰਤਰਾਲੇ ਨੇ ਇਸ ਕਦਮ ਨੂੰ ਲੈ ਕੇ ਟਵਿਟਰ 'ਤੇ ਲਿਖਿਆ ਕਿ ਸਸ਼ਕਤੀਕਰਣ ਦਾ ਇੱਕ ਹੋਰ ਕਦਮ, ਹੁਣ ਮਹਿਲਾਵਾਂ ਨਿੱਜੀ ਪ੍ਰਥਮ ਸ਼੍ਰੇਣੀ, ਸਾਰਜੈਂਟ ਦੇ ਰੂਪ ਵਿਚ ਸੇਵਾ ਕਰ ਸਕਣਗੀਆਂ।  ਸਾਊਦੀ ਵਿਚ ਪ੍ਰਿੰਸ ਸਲਮਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਲਗਾਤਾਰ ਮਹਿਲਾਵਾ ਦੇ ਅਧਿਕਾਰਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ।
ਸਾਊਦੀ ਅਰਬ ਵਿਚ ਮਹਿਲਾਵਾਂ ਦੇ ਅਧਿਕਾਰਾਂ ਨੂੰ ਲੈ ਕੇ ਚੁੱਕੇ ਗਏ ਕਦਮਾਂ ਵਿਚ ਪਹਿਲਾ ਕਦਮ ਸਾਲ 2018 ਵਿਚ ਚੁੱਕਿਆ ਗਿਆ ਸੀ। ਜਦ ਸਾਲ 2017 ਵਿਚ ਪ੍ਰਿੰਸ ਸਲਮਾਨ ਨੇ ਸੱਤਾ ਵਿਚ ਆਉਂਦੇ ਹੀ ਅਪਣਾ ਵਿਜ਼ਨ 2030 ਦੇ ਬਾਰੇ ਵਿਚ ਦੁਨੀਆ ਨੂੰ ਜਾਣੂ ਕਰਾਇਆ ਇਸ ਦੇ ਤਹਿਤ ਉਨ੍ਹਾਂ ਨੇ ਮਹਿਲਾਵਾਂ ਨੂੰ ਵਾਹਨ ਚਲਾਉਣ ਦੀ ਆਗਿਆ ਦਿੱਤੀ।
ਦੂਜੇ ਕਦਮ ਦੇ ਤੌਰ 'ਤੇ ਮਹਿਲਾਵਾਂ ਨੂੰ ਹਵਾਈ ਜਹਾਜ਼ ਉਡਾਉਣ ਦੀ ਆਗਿਆ ਦਿੱਤੀ। 2018 ਵਿਚ ਸਹਿ ਪਾਇਲਟਾਂ ਅਤੇ ਫਲਾਈਟ ਅਟੈਂਡੈਂਸ ਦੇ ਰੂਪ ਵਿਚ ਕੰਮ ਕਰਨ ਲਈ ਮਹਿਲਾਵਾਂ ਦੀ ਭਰਤੀ ਦੀ ਯੋਜਨਾ ਦਾ ਐਲਾਨ ਕੀਤਾ ਸੀ।
ਤੀਜੇ ਕਦਮ ਦੇ ਤੌਰ 'ਤੇ ਸਾਊਦੀ ਅਰਬ ਨੇ ਮਹਿਲਾਵਾਂ ਨੂੰ Îਇਕੱਲੇ ਵਿਦੇਸ਼ ਯਾਤਰਾ ਦੀ ਆਗਿਆ ਦਿੱਤੀ ਸੀ।
ਸਾਊਦੀ ਅਰਬ ਨੇ ਇਸ ਦੇ ਨਾਲ ਹੀ ਚੌਥੇ ਕਦਮ ਦੇ ਰੂਪ ਵਿਚ ਇਹ ਵੀ ਐਲਾਨ ਕੀਤਾ ਸੀ ਕਿ ਹੁਣ ਸਾਊਦੀ ਮਹਿਲਾਵਾਂ ਬੱਚੇ ਦੇ ਜਨਮ, ਵਿਆਹ ਜਾਂ ਤਲਾਕ ਨੂੰ ਅਧਿਕਾਰਕ ਤੌਰ 'ਤੇ ਰਜਿਸਟਰਡ ਕਰਵਾ ਸਕਦੀਆਂ ਹਨ।

ਹੋਰ ਖਬਰਾਂ »