ਪੁਲਿਸ ਨੇ 34 ਸਾਲ ਦੀ ਮਹਿਲਾ ਨੂੰ ਕੀਤਾ ਗ੍ਰਿਫ਼ਤਾਰ

ਬਰੈਂਪਟਨ, 13 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਦੇ ਡਾਊਨ ਟਾਊਨ ਇਲਾਕੇ ਵਿਚ ਇਕ ਮਹਿਲਾ ਨੇ ਕਥਿਤ ਤੌਰ 'ਤੇ ਤਿੰਨ ਜਣਿਆਂ ਨੂੰ ਛੁਰੇ ਮਾਰ ਕੇ ਜ਼ਖ਼ਮੀ ਕਰ ਦਿਤਾ ਜਿਨਾਂ ਵਿਚੋਂ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਦੋ ਜ਼ਖ਼ਮੀਆਂ ਨੂੰ ਟਰੌਮਾ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਜਦਕਿ ਇਕ ਦਾ ਇਲਾਜ ਸਥਾਨਕ ਹਸਪਤਾਲ ਵਿਚ ਚੱਲ ਰਿਹਾ ਹੈ। ਜ਼ਖ਼ਮੀਆਂ ਵਿਚ ਇਕ ਮਹਿਲਾ ਵੀ ਸ਼ਾਮਲ ਹੈ ਜਿਸ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਤੀਜੇ ਜ਼ਖ਼ਮੀ ਨੂੰ ਕੁਝ ਘੰਟੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿਤੀ ਗਈ। ਕੌਂਸਟੇਬਲ ਅਖਿਲ ਮੂਕਨ ਨੇ ਕਿਹਾ ਕਿ ਇਹ ਅਚਾਨਕ ਵਾਪਰੀ ਘਟਨਾ ਨਹੀਂ ਅਤੇ ਇਕ ਅਪਾਰਟਮੈਂਟ ਦੇ ਅੰਦਰ ਛੁਰੇਬਾਜ਼ੀ ਕੀਤੀ ਗਈ। ਘਟਨਾ ਦੇ ਚਸ਼ਮਦੀਦ ਪਿਊਸ਼ ਗੁਪਤਾ ਨੇ ਬਰੈਂਪਟਨ ਗਾਰਡੀਅਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਸ਼ਖਸ ਦੌੜਿਆ-ਦੌੜਿਆ ਉਨਾਂ ਦੀ ਦੁਕਾਨ 'ਤੇ ਆਇਆ ਅਤੇ ਪੁਲਿਸ ਨੂੰ ਫੋਨ ਕਰਨ ਦੀ ਮਿੰਨਤ ਕਰਨ ਲੱਗਾ। ਉਸ ਸ਼ਖਸ ਦੇ ਚਿਹਰੇ 'ਤੇ ਜ਼ਖ਼ਮ ਨਜ਼ਰ ਆ ਰਿਹਾ ਸੀ। ਕੁਝ ਦੇਰ ਬਾਅਦ ਪੁਲਿਸ ਅਤੇ ਪੈਰਾਮੈਡਿਕਸ ਪਹੁੰਚ ਗਏ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਛੁਰੇਬਾਜ਼ੀ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਅਤੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਪੀਲ ਪੁਲਿਸ ਦੀ 22 ਡਵੀਜ਼ਨ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਨਾਲ 905-453-2121 ਐਕਸਟੈਨਸ਼ਨ 2233 'ਤੇ ਸੰਪਰਕ ਕੀਤਾ ਜਾਵੇ।

ਹੋਰ ਖਬਰਾਂ »

ਹਮਦਰਦ ਟੀ.ਵੀ.