ਇਕ ਜਣੇ ਦੀ ਲਾਸ਼ ਕਾਰ ਵਿਚ ਲੱਦ ਕੇ ਪੁੱਜਾ ਪੁਲਿਸ ਥਾਣੇ

ਵਾਸ਼ਿੰਗਟਨ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਕੈਲੇਫ਼ੋਰਨੀਆ ਸੂਬੇ ਵਿਚ ਭਾਰਤੀ ਮੂਲ ਦੇ ਸ਼ਖਸ ਨੇ ਆਪਣੇ ਪਰਵਾਰ ਦੇ ਚਾਰ ਜੀਆਂ ਦਾ ਕਤਲ ਕਰ ਦਿਤਾ ਅਤੇ ਇਨਾਂ ਵਿਚੋਂ ਇਕ ਜਣੇ ਦੀ ਲਾਸ਼ ਗੱਡੀ ਵਿਚ ਲੱਦ ਕੇ ਪੁਲਿਸ ਥਾਣੇ ਪਹੁੰਚ ਗਿਆ। ਬਾਅਦ ਵਿਚ ਪੁਲਿਸ ਨੇ ਇਕ ਅਪਾਰਟਮੈਂਟ ਵਿਚੋਂ ਤਿੰਨ ਹੋਰ ਲਾਸ਼ਾਂ ਬਰਾਮਦ ਕਰ ਲਈਆਂ। ਇਹ ਵਾਰਦਾਤ ਕੈਲੇਫ਼ੋਰਨੀਆ ਦੇ ਰੋਜ਼ਵਿਲ ਸ਼ਹਿਰ ਵਿਚ ਵਾਪਰੀ। ਸਾਰਜੈਂਟ ਰੌਬਰਟ ਗਿਬਸਨ ਨੇ ਦੱਸਿਆ ਕਿ ਸ਼ੰਕਰ ਨਾਗੱਪਾ ਹਾਂਗੁੜ ਸੋਮਵਾਰ ਬਾਅਦ ਦੁਪਹਿਰ ਥਾਣੇ ਪੁੱਜਾ ਅਤੇ ਆਪਣਾ ਗੁਨਾਹ ਕਬੂਲ ਕਰ ਲਿਆ। ਗਿਬਸਨ ਨੇ ਦੱਸਿਆ ਕਿ ਪਹਿਲਾਂ ਤਾਂ ਪੁਲਿਸ ਅਫ਼ਸਰਾਂ ਨੂੰ ਸ਼ੰਕਰ ਦੀ ਗੱਲ 'ਤੇ ਯਕੀਨ ਨਾ ਹੋਇਆ ਪਰ ਕਾਰ ਅਤੇ ਅਪਾਰਟਮੈਂਟ ਦੀ ਤਲਾਸ਼ੀ ਲੈਣ ਮਗਰੋਂ ਹਾਲਾਤ ਸਪੱਸ਼ਟ ਹੋ ਗਏ। ਪੁਲਿਸ ਮੁਤਾਬਕ ਸ਼ੰਕਰ ਨੇ ਸਾਰੇ ਕਤਲ ਖ਼ੁਦ ਕੀਤੇ ਅਤੇ ਵਾਰਦਾਤ ਵਿਚ ਕੋਈ ਸਾਥੀ ਸ਼ਾਮਲ ਨਹੀਂ ਸੀ। ਗਿਬਸਨ ਨੇ ਕਿਹਾ ਕਿ ਉਨਾਂ ਨੇ ਪੁਲਿਸ ਦੀ ਨੌਕਰੀ ਦੌਰਾਨ ਕਦੇ ਵੀ ਕਾਤਲ ਨੂੰ ਲਾਸ਼ ਸਮੇਤ ਪੁਲਿਸ ਥਾਣੇ ਆਉਂਦੇ ਨਹੀਂ ਵੇਖਿਆ। ਫ਼ਿਲਹਾਲ ਕਤਲ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਪੁਲਿਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਸਮੂਹਕ ਕਤਲਾਂ ਦੀ ਵਾਰਦਾਤ ਨੂੰ ਕਈ ਦਿਨ ਪਹਿਲਾਂ ਅੰਜਾਮ ਦਿਤਾ ਗਿਆ। ਮ੍ਰਿਤਕਾਂ ਵਿਚ ਦੋ ਬੱਚੇ ਵੀ ਦੱਸੇ ਜਾ ਰਹੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.