ਬਰਤਾਨਵੀ ਅਤੇ ਅਮਰੀਕੀ ਮੀਡੀਆ ਵਿਚ ਮਾਮਲੇ ਦੀ ਬੇਹੱਦ ਚਰਚਾ

ਵੈਨਕੂਵਰ, 16 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਬਰਤਾਨਵੀ ਲੋਕਾਂ ਨੂੰ ਅਮਰੀਕਾ ਜਾਂ ਕੈਨੇਡਾ ਦੀ ਧਰਤੀ 'ਤੇ ਕਦਮ ਰੱਖਣ ਵਾਸਤੇ ਵੀਜ਼ਾ ਦੀ ਜ਼ਰੂਰਤ ਨਹੀਂ ਪੈਂਦੀ ਪਰ 7 ਜੀਆਂ ਵਾਲੇ ਇਕ ਅੰਗਰੇਜ਼ ਪਰਵਾਰ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਤੋਂ ਅਮਰੀਕਾ ਵਿਚ ਦਾਖ਼ਲ ਹੁੰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹੁਣ ਪਰਵਾਰ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅੰਗਰੇਜ਼ ਪਰਵਾਰ ਦੀ ਗ੍ਰਿਫ਼ਤਾਰੀ ਬਾਰੇ ਖ਼ਬਰ ਬਰਤਾਨਵੀ ਅਤੇ ਅਮਰੀਕੀ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਪਰਵਾਰ ਦੇ ਵਕੀਲ ਨੇ ਦਲੀਲ ਦਿਤੀ ਕਿ ਪਰਵਾਰ ਦੇ ਮੈਂਬਰ ਗੱਡੀ ਵਿਚ ਜਾ ਰਹੇ ਸਨ ਜਦੋਂ ਸੜਕ 'ਤੇ ਆਏ ਇਕ ਜਾਨਵਰ ਤੋਂ ਬਚਾਅ ਕਰਦਿਆਂ ਭੁਲੇਖੇ ਨਾਲ ਅਮਰੀਕਾ ਵਿਚ ਦਾਖ਼ਲ ਹੋ ਗਏ। ਉਧਰ ਪਰਵਾਰ ਦੀ ਇਕ ਮਹਿਲਾ ਮੈਂਬਰ ਨੇ ਦੋਸ਼ ਲਾਇਆ ਕਿ ਅਮਰੀਕਾ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਉਨ•ਾਂ ਨਾਲ ਅਪਰਾਧੀਆਂ ਵਰਗਾ ਸਲੂਕ ਕੀਤਾ ਗਿਆ ਅਤੇ ਇਥੋਂ ਤੱਕ ਕਿ ਛੋਟੇ-ਛੋਟੇ ਬੱਚੇ ਵੀ ਬਖ਼ਸ਼ੇ ਨਾ ਗਏ। ਉਧਰ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਨੇ ਆਪਣਾ ਪੱਖ ਪੇਸ਼ ਕਰਦਿਆਂ ਪਰਵਾਰ ਦੇ ਦਾਅਵਿਆਂ ਨੂੰ ਝੂਠ ਦੱਸਿਆ। ਵਿਭਾਗ ਨੇ ਕਿਹਾ ਕਿ ਕੌਨਰਜ਼ ਪਰਵਾਰ ਨੂੰ ਨਿਗਰਾਨੀ ਕੈਮਰੇ ਰਾਹੀਂ ਜਾਣ-ਬੁੱਝ ਕੇ ਅਮਰੀਕੀ ਸਰਹੱਦ ਵਿਚ ਦਾਖ਼ਲ ਹੁੰਦਿਆਂ ਵੇਖਿਆ ਗਿਆ ਅਤੇ ਵਾਪਸ ਜਾਣ ਦੀ ਹਦਾਇਤ ਦੇ ਬਾਵਜੂਦ ਪਰਵਾਰ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿਤਾ। ਇਕ ਅਫ਼ਸਰ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ 'ਤੇ ਦੱਸਿਆ ਕਿ ਤਿੰਨ ਬੱਚਿਆਂ ਅਤੇ ਚਾਰ ਬਾਲਗਾਂ ਵਾਲੇ ਪਰਵਾਰ ਨੂੰ ਮੁੜ ਕੈਨੇਡਾ ਭੇਜਣ ਦੀ ਕੋਸ਼ਿਸ਼ ਕੀਤੀ ਗਈ ਪਰ ਕੈਨੇਡੀਅਨ ਅਫ਼ਸਰਾਂ ਨੇ ਪਰਵਾਰ ਨੂੰ ਇਜਾਜ਼ਤ ਨਾ ਦਿਤੀ। ਪਰਵਾਰ ਦੀ ਗ੍ਰਿਫ਼ਤਾਰੀ ਮੌਕੇ ਉਨ•ਾਂ ਕੋਲੋਂ 16 ਹਜ਼ਾਰ ਡਾਲਰ ਨਕਦ ਮਿਲੇ ਸਨ ਅਤੇ ਸਾਰੇ ਜੀਆਂ ਨੂੰ ਪੈਨਸਿਲਵੇਨੀਆ ਦੇ ਹਿਰਾਸਤੀ ਕੇਂਦਰ ਵਿਚ ਰੱਖਿਆ ਗਿਆ ਹੈ। ਇਹ ਵੀ ਪਤਾ ਲੱਗਿਆ ਕਿ ਪਰਵਾਰ ਦੇ ਦੋ ਜੀਆਂ ਵੱਲੋਂ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਮੰਗੀ ਗਈ ਪਰ ਅਣਦੱਸੇ ਕਾਰਨਾਂ ਕਰ ਕੇ ਅਰਜ਼ੀ ਰੱਦ ਹੋ ਗਈ।

ਹੋਰ ਖਬਰਾਂ »

ਹਮਦਰਦ ਟੀ.ਵੀ.