ਕਾਹਨੂੰਵਾਨ, 18 ਅਕਤੂਬਰ, ਹ.ਬ. :  ਕੁੱਝ ਦਿਨ ਪਹਿਲਾਂ ਦਿਲ ਦੇ ਦੌਰੇ ਕਾਰਨ ਅਮਰੀਕਾ ਵਿਚ ਫੌਤ ਹੋਏ ਇੱਥੋਂ ਨੇੜਲੇ ਪਿੰਡ ਚੱਕ ਸ਼ਰੀਫ ਦੇ ਨੌਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪੁੱਜਣ ਮਗਰੋਂ ਸਸਕਾਰ ਕੀਤਾ ਗਿਆ। ਜਾਣਕਾਰੀ ਦਿੰਦਿਆਂ  ਸਰੰਪਚ ਰੂਪ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨੂੰ ਉਸ ਦੇ ਮਾਪਿਆਂ ਨੇ ਰੋਜ਼ੀ ਰੋਟੀ ਦੀ ਖ਼ਾਤਰ ਕਰਜ਼ਾ ਚੁੱਕ ਕੇ ਕਰੀਬ ਇੱਕ ਸਾਲ ਪਹਿਲਾਂ ਵਿਦੇਸ਼ ਭੇਜਿਆ ਸੀ। ਲਵਪ੍ਰੀਤ ਸਿੰਘ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਵਿਦੇਸ਼ ਜਾਣ ਮਗਰੋਂ ਉਹ ਇੱਕ ਬੱਚੇ ਦਾ ਪਿਓ ਵੀ ਬਣ ਚੁੱਕਾ ਸੀ। ਅਮਰੀਕਾ ਵਿਚ ਪਹੁੰਚ ਕੇ ਉਹ ਕੋਈ ਛੇ ਮਹੀਨੇ ਪਹਿਲਾਂ ਨਿਊ ਜਰਸੀ ਸ਼ਹਿਰ ਵਿਚ ਇੱਕ ਚੰਗੇ ਰੁਜ਼ਗਾਰ 'ਤੇ ਵੀ ਲੱਗ ਚੁੱਕਾ ਸੀ। 20 ਦਿਨ ਪਹਿਲਾਂ ਰਾਤ ਵੇਲੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਹੁਣ ਉਸ ਦੀ ਮ੍ਰਿਤਕ ਦੇਹ ਦਾ ਪਿੰਡ ਪੁੱਜਣ ਮਗਰੋਂ ਧਾਰਮਿਕ ਰਸਮਾਂ ਉਪਰੰਤ ਸਸਕਾਰ ਕਰ ਦਿੱਤਾ ਗਿਆ। ਇਸ ਕਾਰਨ ਇਲਾਕੇ ਭਰ ਵਿਚ ਸੋਗ ਦੀ ਲਹਿਰ ਹੈ। ਸਸਕਾਰ 'ਚ ਇੰਦਰਜੀਤ ਸਿੰਘ ਜਕੜੀਆ, ਕੁਲਵਿੰਦਰ ਸਿੰਘ ਅਤੇ ਬਲਦੇਵ ਸਿੰਘ ਸਣੇ ਇਲਾਕੇ ਦੇ ਸੈਂਕੜੇ ਲੋਕ ਹਾਜ਼ਰ ਹੋਏ।

ਹੋਰ ਖਬਰਾਂ »

ਹਮਦਰਦ ਟੀ.ਵੀ.