ਇਸਲਾਮਾਬਾਦ, 18 ਅਕਤੂਬਰ, ਹ.ਬ. : ਪਾਕਿਸਤਾਨ ਨੇ ਕਿਹਾ ਹੈ ਕਿ ਤਿੰਨ ਪੱਛਮੀ ਦਰਿਆਵਾਂ 'ਤੇ ਉਸ ਦਾ ਵਿਸ਼ੇਸ਼ ਅਧਿਕਾਰ ਹੈ ਅਤੇ ਇਨ੍ਹਾਂ ਦਰਿਆਵਾਂ ਦਾ ਪਾਣੀ ਰੋਕਣ ਦੀ ਭਾਰਤ ਦੀ ਕੋਈ ਵੀ ਕੋਸ਼ਿਸ਼ ਹਮਲਾਵਰ ਕਾਰਵਾਈ ਮੰਨੀ ਜਾਵੇਗੀ। ਵਿਦੇਸ਼ ਦਫ਼ਤਰ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇਹ ਟਿੱਪਣੀ ਹਫਤਾਵਾਰੀ ਪ੍ਰੈਸ ਵਾਰਤਾ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਕੀਤੀ। ਜ਼ਿਕਰਯੋਗ ਹੇ ਕਿ ਪਿਛਲੇ ਦਿਨੀਂ ਹਰਿਆਣਾ ਵਿਚ ਚੋਣ ਰੈਲੀ  ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਦਰਿਆਵਾਂ ਰਾਹੀਂ ਪਾਕਿਸਤਾਨ ਜਾ ਰਹੇ ਪਾਣੀ ਨੂੰ ਰੋਕ ਦੇਵੇਗੀ। ਫੈਜ਼ਲ ਨੇ ਕਿਹਾ ਕਿ ਸਿੰਧ ਜਲ ਸੰਧੀ ਤਹਿਤ ਪਾਕਿਸਤਾਨ ਦਾ ਤਿੰਨ ਪੱਛਮੀ ਦਰਿਆਵਾਂ ਦੇ ਪਾਣੀ 'ਤੇ ਵਿਸ਼ੇਸ਼ ਅਧਿਕਾਰ ਹੈ। ਦਰਿਆਵਾਂ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਭਾਰਤ ਵਲੋਂ ਇਨ੍ਹਾਂ ਦਰਿਆਵਾਂ ਦਾ ਪਾਣੀ ਰੋਕਣ ਦੀ ਕੋਈ ਵੀ ਕਾਰਵਾਈ ਹਮਲਾਵਰ ਮੰਨੀ ਜਾਵੇਗੀ ਅਤੇ ਪਾਕਿਸਤਾਨ ਕੋਲ ਇਸ ਦਾ ਜਵਾਬ ਦੇਣ ਦਾ ਅਧਿਕਾਰ ਹੈ। ਭਾਰਤ ਵਲੋਂ 5 ਅਗਸਤ ਨੂੰ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਹਟਾਏ ਜਾਣ ਤੋ ਬਾਅਦ ਹੀ ਪਾਕਿਸਤਾਨ ਖਿੱਝਿਆ ਬੈਠਾ ਹੈ ਅਤੇ ਉਸ ਵਲੋਂ ਇਸ ਮੁੱਦੇ ਨੂੰ ਕੌਮਾਂਤਰੀ ਮੰਚਾਂ 'ਤੇ ਚੁੱਕਿਆ ਗਿਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.