ਕਰਤਾਰਪੁਰ ਲਾਂਘੇ ਦਾ ਸਮਝੌਤਾ ਜਲਦ ਸਿਰੇ ਚੜਨ ਦੇ ਆਸਾਰ

ਨਵੀਂ ਦਿੱਲੀ, 18 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਆਉਂਦੇ ਮੰਗਲਵਾਰ ਨੂੰ 90 ਮੁਲਕਾਂ ਦੇ ਅੰਬੈਸਡਰ ਸੀਸ ਨਿਵਾਉਣਗੇ। ਭਾਰਤ ਸਰਕਾਰ ਪ੍ਰਕਾਸ਼ ਪੁਰਬ ਸਮਾਗਮਾਂ ਵਿਚ ਕੋਈ ਕਸਰ ਬਾਕੀ ਨਹੀਂ ਛੱਡਣਾ ਚਾਹੁੰਦੀ ਅਤੇ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਤਿੰਨ ਹਫ਼ਤੇ ਪਹਿਲਾਂ ਵੱਡੀ ਗਿਣਤੀ ਵਿਚ ਵੱਖ-ਵੱਖ ਮੁਲਕਾਂ ਦੇ ਨੁਮਾਇੰਦੇ ਪੁੱਜੇ ਰਹੇ ਹਨ। ਦਰਬਾਰ ਸਾਹਿਬ ਆ ਰਹੇ 90 ਸਫ਼ੀਰਾਂ ਦੀ ਆਮਦ ਤੋਂ ਇਲਾਵਾ ਭਾਰਤੀ ਅੰਬੈਸੀਆਂ ਵਿਚ ਗੁਰਬਾਣੀ ਕੀਰਤਨ, ਅਖੰਡ ਪਾਠ ਅਤੇ ਨਗਰ ਕੀਰਤਨ ਦੇ ਰੂਪ ਵਿਚ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸ਼ੁਰੂਆਤ ਕਰ ਦਿਤੀ ਗਈ ਹੈ। ਉਧਰ ਰਤਾਰਪੁਰ ਲਾਂਘੇ ਬਾਰੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਮਝੌਤੇ ਉਪਰ ਜਲਦ ਹੀ ਦਸਤਖ਼ਤ ਕੀਤੇ ਜਾਣ ਦੇ ਆਸਾਰ ਹਨ। ਕਰਤਾਰਪੁਰ ਲਾਂਘੇ ਰਾਹੀਂ ਜਾਣ ਵਾਲੇ ਸ਼ਰਧਾਲੂਆਂ ਤੋਂ 20 ਡਾਲਰ ਫ਼ੀਸ ਨਾ ਵਸੂਲੇ ਜਾਣ ਦਾ ਦਬਾਅ ਪਾ ਰਹੀ ਭਾਰਤ ਸਰਕਾਰ ਨੇ ਹੁਣ ਇਸ ਸ਼ਰਤ ਸਣੇ ਸਮਝੌਤਾ ਪ੍ਰਵਾਨ ਕਰਨ ਦਾ ਫ਼ੈਸਲਾ ਕਰ ਲਿਆ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਗੁਰਦਵਾਰਾ ਕਰਤਾਰਪੁਰ ਸਾਹਿਬ ਵਿਖੇ ਭਾਰਤੀ ਕੌਂਸਲਰ ਦੀ ਮੌਜੂਦਗੀ ਬਾਰੇ ਸਹਿਮਤੀ ਦੇ ਦਿਤੀ ਹੈ ਅਤੇ ਖ਼ਾਸ ਮੌਕਿਆਂ 'ਤੇ ਲਾਂਘੇ ਰਾਹੀਂ ਰੋਜ਼ਾਨਾ 10 ਹਜ਼ਾਰ ਸ਼ਰਧਾਲੂ ਮੱਥਾ ਟੇਕਣ ਜਾ ਸਕਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.