ਬੇਰੂਤ, 19 ਅਕਤੂਬਰ, ਹ.ਬ. :  ਲੈਬਨਾਨ ਵਿਚ ਵੱਟਸਐਪ-ਫੇਸਬੁੱਕ ਦੀ ਵਾਇਸ ਕਾਲ ਸਰਵਿਸ 'ਤੇ ਟੈਕਸ ਲਗਾਉਣ ਦੇ ਖ਼ਿਲਾਫ਼ ਲੋਕਾਂ ਦਾ ਗੁੱਸਾ ਫੁੱਟਿਆ। ਦੇਸ਼ ਭਰ ਵਿਚ ਹਿੰਸਕ ਪ੍ਰਦਰਸ਼ਨ ਹੋਏ। ਰਾਜਧਾਨੀ ਬੇਰੂਤ ਵਿਚ ਸਰਕਾਰੀ ਦਫ਼ਤਰਾਂ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਗੱਡੀਆਂ ਵਿਚ ਅੱਗ ਲਗਾ ਦਿੱਤੀ।  
ਪ੍ਰਦਰਸ਼ਨਕਾਰੀਆਂ ਨੇ ਏਅਰਪੋਰਟ 'ਤੇ ਯਾਤਰੀਆਂ ਨਾਲ ਮਾਰਕੁੱਟ ਵੀ ਕੀਤੀ।
ਹਿੰਸਾ ਦੌਰਾਨ ਦਮ ਘੁਟਣ ਕਾਰਨ ਦੋ ਵਿਦੇਸ਼ੀ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦ ਕਿ ਹਿੰਸਕ ਝੜਪਾਂ ਵਿਚ 40 ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ। ਦੇਸ਼ ਪੱਧਰੀ ਹਿੰਸਾ ਤੋਂ ਬਾਅਦ ਸਰਕਾਰ ਨੇ ਇਸ ਟੈਕਸ ਨੂੰ ਵਾਪਸ ਲੈ ਲਿਆ।
ਲੈਬਨਾਨ ਦੇ ਸੰਚਾਰ ਮੰਤਰੀ ਮੁਹੰਮਦ ਚੈਕਰ ਨੇ ਕਿਹਾ ਕਿ ਲੋਕਾਂ ਦੇ ਵਿਰੋਧ ਨੂੰ ਦੇਖਦੇ ਹੋਏ ਸਰਕਾਰ ਅਪਣਾ ਫ਼ੈਸਲਾ ਵਾਪਸ ਲੈਣ ਜਾ ਰਹੀ ਹੈ। ਦਰਅਸਲ ਸਰਕਾਰ ਨੂੰ ਬਜਟ ਦੀ ਰਕਮ ਜੁਟਾਉਣ ਦੇ ਲਈ ਕਰਜ਼ਾ ਲੈਣਾ ਪੈ ਰਿਹਾ ਹੈ। ਇਹ ਬੋਝ ਘੱਟ ਕਰਨ ਦੇ ਲਈ ਉਸ ਨੇ ਵੱਟਸਐਪ-ਫੇਸਬੁੱਕ ਦੀ ਵਾਇਸ ਕਾਲ 'ਤੇ ਹਰ ਮਹੀਨੇ 150 ਰੁਪਏ ਦਾ ਟੈਕਸ ਲਾਉਣ ਦਾ ਐਲਾਨ ਕੀਤਾ ਸੀ।
ਲੈਬਨਾਨ ਵਿਚ ਪਿਛਲੇ ਕੁਝ ਸਾਲਾਂ ਵਿਚ ਸਿਆਸੀ ਅਸਥਿਰਤਾ ਦੇ ਕਾਰਨ ਦੇਸ਼ ਦੀ ਵਿਕਾਸ ਦਰ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਗੁਆਂਢੀ ਦੇਸ਼ ਸੀਰੀਆ ਦੇ ਨਾਲ 8 ਸਾਲ ਤੱਕ ਚਲੇ ਯੁੱਧ ਦੇ ਚਲਦਿਆਂ ਹਾਲਾਤ ਹੋਰ ਵਿਗੜ ਗਏ।
ਯੁਗਾਂਡਾ ਵਿਚ ਫੇਸਬੁੱਕ, ਵੱਟਸਐਪ, ਟਵਿਟਰ ਦੇ ਇਸਤੇਮਾਲ 'ਤੇ ਰੋਜ਼ਾਨਾ 3 ਰੁਪਏ 36 ਪੈਸੇ ਦਾ ਟੈਕਸ ਦੇਣਾ ਪੈਂਦਾ ਹੈ। ਪਿਛਲੇ ਸਾਲ ਜੁਲਾਈ ਵਿਚ ਇਹ ਟੈਕਸ ਲਾਗੂ ਕੀਤਾ ਗਿਆ। ਰਾਸ਼ਟਰਪਤੀ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ ਅਫ਼ਵਾਹ ਫੈਲਾਉਂਦਾ ਹੈ, ਇਸ ਲਈ ਇਸ 'ਤੇ ਟੈਕਸ ਲਾਉਣਾ ਜ਼ਰੂਰੀ ਹੈ।

ਹੋਰ ਖਬਰਾਂ »