ਘਰੋਂ ਬਾਹਰ ਨਾ ਜਾਣ ਦੀ ਸ਼ਰਤ ਲਾਗੂ

ਸਰੀ, 19 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਚਰਚਿਤ ਭਵਕਿਰਨ ਢੇਸੀ ਕਤਲ ਮਾਮਲੇ ਵਿਚ ਦੂਜੇ ਦਰਜੇ ਦੀ ਹੱਤਿਆ ਅਤੇ ਲਾਸ਼ ਖੁਰਦ-ਬੁਰਦ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ 21 ਸਾਲ ਦੇ ਹਰਜੋਤ ਸਿੰਘ ਦਿਉ ਨੂੰ ਪਿਛਲੇ ਹਫ਼ਤੇ ਸਖ਼ਤ ਸ਼ਰਤਾਂ 'ਤੇ ਆਧਾਰਤ ਜ਼ਮਾਨਤ ਦੇ ਦਿਤੀ ਗਈ। 7.50 ਲੱਖ ਡਾਲਰ ਦੀ ਜ਼ਮਾਨਤ ਅਤੇ 50 ਹਜ਼ਾਰ ਡਾਲਰ ਦੇ ਮੁਚਲਕੇ 'ਤੇ ਰਿਹਾਅ ਹਰਜੋਤ ਸਿੰਘ ਦਿਉ ਆਪਣੇ ਘਰ ਤੋਂ ਬਾਹਰ ਨਹੀਂ ਜਾ ਸਕੇਗਾ। ਦੱਸ ਦੇਈਏ ਕਿ ਭਵਕਿਰਨ ਕੌਰ ਢੇਸੀ ਦੇ ਸਾਬਕਾ ਦੋਸਤ 21 ਸਾਲਾ ਹਰਜੋਤ ਸਿੰਘ ਦਿਉ ਨੂੰ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ ਬੀਤੀ 10 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਭਵਕਿਰਨ ਢੇਸੀ ਦੀ ਲਾਸ਼ 2 ਅਗਸਤ 2017 ਨੂੰ ਇਕ ਸੜੀ ਹੋਈ ਗੱਡੀ ਵਿਚੋਂ ਮਿਲੀ ਸੀ ਅਤੇ ਲੰਮਾ ਸਮਾਂ ਉਸ ਦੇ ਕਾਤਲਾਂ ਦਾ ਕੋਈ ਸੁਰਾਗ ਨਾ ਲੱਗ ਸਕਿਆ। ਬੀਤੀ 21 ਜੂਨ ਨੂੰ ਪੁਲਿਸ ਨੇ ਹਰਜੋਤ ਦੇ ਭਰਾ ਗੁਰਵਿੰਦਰ ਸਿੰਘ ਦਿਉ ਅਤੇ ਇਕ ਰਿਸ਼ਤੇਦਾਰ ਤਲਵਿੰਦਰ ਖੁਣ-ਖੁਣ ਨੂੰ ਗ੍ਰਿਫ਼ਤਾਰ ਕਰਦਿਆਂ ਕਤਲ ਵਿਚ ਸਹਾਇਕ ਦੀ ਭੂਮਿਕਾ ਅਦਾ ਕਰਨ ਦੇ ਦੋਸ਼ ਲਾਏ ਸਨ। ਇਸ ਤੋਂ ਇਲਾਵਾ ਦਿਉ ਪਰਵਾਰ ਦੇ ਦੋ ਹੋਰ ਮੈਂਬਰਾਂ, 23 ਸਾਲਾ ਇੰਦਰਦੀਪ ਦਿਉ ਅਤੇ ਹਰਜੋਤ ਸਿੰਘ ਦੀ ਮਾਂ ਮਨਜੀਤ ਕੌਰ ਦਿਉ ਵਿਰੁੱਧ ਵੀ ਕਤਲ ਵਿਚ ਮਦਦਗਾਰ ਹੋਣ ਦੇ ਦੋਸ਼ ਲਾਉਂਦਿਆਂ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਾਰੇ ਮੁਲਜ਼ਮਾਂ ਦੀ ਅਦਾਲਤ ਵਿਚ ਅਗਲੀ ਪੇਸ਼ੀ 13 ਨਵੰਬਰ ਨੂੰ ਹੋਣੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.