ਪੁਲਿਸ ਵੱਲੋਂ ਦੋ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ

ਹੈਮਿਲਟਨ/ਟੋਰਾਂਟੋ, 20 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਉਨਟਾਰੀਓ ਦੇ ਹੈਮਿਲਟਨ ਅਤੇ ਟੋਰਾਂਟੋ ਸ਼ਹਿਰਾਂ ਵਿਚ ਗੋਲੀਬਾਰੀ ਦੀਆਂ ਵਾਰਦਾਤਾਂ ਦੌਰਾਨ 2 ਜਣਿਆਂ ਦੀ ਮੌਤ ਹੋ ਗਈ ਜਦਕਿ ਇਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ। ਹੈਮਿਲਟਨ ਵਿਖੇ ਗੋਲੀਬਾਰੀ ਦੀ ਵਾਰਦਾਤ ਇਕ ਬਾਰ ਦੇ ਬਾਹਰ ਵਾਪਰੀ ਜਦਕਿ ਟੋਰਾਂਟੋ ਦੇ ਸਵੌਨਸੀਅ ਇਲਾਕੇ ਵਿਚ ਗੋਲੀ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋਇਆ ਸ਼ਖਸ ਸ਼ਨਿੱਚਰਵਾਰ ਰਾਤ ਹਸਪਤਾਲ ਵਿਚ ਦਮ ਤੋੜ ਗਿਆ। ਹੈਮਿਲਟਨ ਪੁਲਿਸ ਨੇ ਦੱਸਿਆ ਕਿ 303 ਯੌਰਕ ਬੁਲੇਵਾਰਡ ਸਥਿਤ ਬਿਲੀਅਰਡਜ਼ ਬਾਰ ਦੇ ਬਾਹਰ ਗੋਲੀ ਚੱਲਣ ਦੀ ਇਤਲਾਹ ਮਿਲੀ ਸੀ ਅਤੇ ਮੌਕੇ 'ਤੇ ਪੁੱਜੇ ਅਫ਼ਸਰਾਂ ਨੂੰ ਇਕ ਸ਼ਖਸ ਗੰਭੀਰ ਹਾਲਤ ਵਿਚ ਮਿਲਿਆ ਜਿਸ ਨੂੰ ਮੌਕੇ 'ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ। ਮ੍ਰਿਤਕ ਉਮਰ ਅਤੇ ਪਛਾਣ ਜਨਤਕ ਨਹੀਂ ਕੀਤੀ ਗਈ। ਚਸ਼ਮਦੀਦ ਗਵਾਹਾਂ ਨੇ ਪੁਲਿਸ ਨੂੰ ਦੱਸਿਆ ਕਿ ਗੋਲੀ ਚੱਲਣ ਤੋਂ ਤਿੰਨ ਜਣੇ ਝਗੜ ਰਹੇ ਸਨ ਅਤੇ ਇਨਾਂ ਵਿਚੋਂ ਹੀ ਕਿਸੇ ਨੇ ਗੋਲੀ ਚਲਾ ਦਿਤੀ। ਪੁਲਿਸ ਵੱਲੋਂ ਦੋ ਸ਼ੱਕੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਜੋ ਮੌਕਾ ਏ ਵਾਰਦਾਤ 'ਤੇ ਮੌਜੂਦ ਸਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ 905-546-4921 'ਤੇ ਕਾਲ ਕੀਤੀ ਜਾਵੇ। 

ਹੋਰ ਖਬਰਾਂ »

ਹਮਦਰਦ ਟੀ.ਵੀ.