50 ਹਜ਼ਾਰ ਲੋਕਾਂ ਨੂੰ ਘਰ ਛੱਡਣ ਦੇ ਹੁਕਮ, 1.80 ਲੱਖ ਮਕਾਨਾਂ ਦੀ ਬਿਜਲੀ ਬੰਦ

ਲਾਸ ਏਂਜਲਸ, 25 ਅਕਤੂਬਰ (ਵਿਸ਼ੇਸ਼ ਪ੍ਰਤੀਨਿਧ) : ਕੈਲੇਫ਼ੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਲਗਾਤਾਰ ਫੈਲਦੀ ਜਾ ਰਹੀ ਹੈ ਅਤੇ ਹੁਣ ਤੱਕ 500 ਮਕਾਨ ਸੜ ਕੇ ਸੁਆਹ ਹੋ ਚੁੱਕੇ ਹਨ ਜਦਕਿ ਹੋਰ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਪ੍ਰਸ਼ਾਸਨ ਵੱਲੋਂ 50 ਹਜ਼ਾਰ ਲੋਕਾਂ ਨੂੰ ਅੱਗ ਨਾਲ ਪ੍ਰਭਾਵਤ ਖੇਤਰ ਛੱਡਣ ਦੇ ਹੁਕਮ ਦਿਤੇ ਗਏ ਹਨ ਤਾਂਕਿ ਜਾਨੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਅੱਗ ਬੁਝਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਇਸੇ ਦਰਮਿਆਨ 70 ਸਾਲ ਦੀ ਇਕ ਮਹਿਲਾ ਅੱਗ ਦੀ ਭੇਟ ਚੜ• ਗਈ। ਅੱਗ ਨਾਲ ਹੋਣ ਵਾਲੀ ਇਹ ਪਹਿਲੀ ਇਨਸਾਨੀ ਮੌਤ ਹੈ ਜਦਕਿ ਵੀਰਵਾਰ ਦੇਰ ਰਾਤ ਸੈਨ ਡਿਆਗੋ ਦੇ ਤਬੇਲੇ ਵਿਚ ਬੰਨ•ੇ ਕਈ ਘੋੜਿਆਂ ਦੀ ਮੌਤ ਵੀ ਹੋ ਗਈ। ਅੱਗ ਬੁਝਾਉਣ ਲਈ ਇਕ ਹਜ਼ਾਰ ਮੁਲਾਜ਼ਮ, 500 ਤੋਂ ਵੱਧ ਗੱਡੀਆਂ ਅਤੇ ਹੈਲੀਕਾਪਟਰਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਸ਼ੁੱਕਰਵਾਰ ਦੇਰ ਸ਼ਾਮ ਤੇਜ਼ ਹਵਾਵਾਂ ਦੀ ਰਫ਼ਤਾਰ ਘਟ ਸਕਦੀ ਹੈ ਜਿਸ ਨਾਲ ਅੱਗ ਫੈਲਣ ਦੀ ਰਫ਼ਤਾਰ ਵੀ ਘਟ ਜਾਵੇਗੀ। ਕੈਲੇਫ਼ੋਰਨੀਆ ਦੇ ਉੱਤਰੀ ਹਿੱਸੇ ਵਿਚ ਬਿਜਲੀ ਕੰਪਨੀਆਂ ਨੇ ਅਹਿਤਿਆਤ ਵਜੋਂ ਇਕ ਲੱਖ 80 ਹਜ਼ਾਰ ਘਰਾਂ ਦੀ ਬਿਜਲੀ ਬੰਦ ਕਰ ਦਿਤੀ। ਇਸ ਦੇ ਨਾਲ ਹੀ ਚਿਤਾਵਨੀ ਦਿਤੀ ਗਈ ਹੈ ਕਿ ਅੱਗ ਫੈਲਣ ਦਾ ਖ਼ਤਰਾ ਘਟਾਉਣ ਲਈ ਬਿਜਲੀ ਕਟੌਤੀ ਵਿਚ ਵਾਧਾ ਕੀਤਾ ਜਾ ਸਕਦਾ ਹੈ। ਉਧਰ ਸੋਨੋਮਾ ਕਾਊਂਟੀ ਦੇ ਸ਼ੈਰਿਫ਼ ਮਾਰਕ ਐਸਿਕ ਨੇ ਲੋਕਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਦੋ ਸਾਲ ਪਹਿਲਾਂ ਅੱਗੇ ਨੇ ਸਾਡੀ ਕਮਿਊਨਿਟੀ ਤਬਾਹ ਕਰ ਦਿਤੀ ਸੀ ਪਰ ਅਸੀਂ ਹਿੰਮਤ ਨਹੀਂ ਹਾਰੀ। ਇਸ ਵਾਰ ਵੀ ਅੱਗ ਲੱਗਣ ਕਾਰਨ ਹਾਲਾਤ ਤਣਾਅਪੂਰਨ ਅਤੇ ਚਿੰਤਾਜਨਕ ਬਣੇ ਹੋਏ ਹਨ। ਚੇਤੇ ਰਹੇ ਕਿ 2017-18 ਵਿਚ ਜੰਗਲਾਂ ਦੀ ਅੱਗ ਕਾਰਨ 100 ਤੋਂ ਵੱਧ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.