ਕੋਲੰਬੋ, 8 ਨਵੰਬਰ, ਹ.ਬ. : ਸ੍ਰੀਲੰਕਾ ਦੇ ਚੋਣ ਕਮਿਸ਼ਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ 16 ਨਵੰਬਰ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ 'ਚ ਔਰਤਾਂ ਬੁਰਕੇ ਜਾਂ ਨਕਾਬ ਵਿਚ ਵੋਟ ਨਹੀਂ ਪਾ ਸਕਣਗੀਆਂ। ਚੋਣ ਕਮਿਸ਼ਨ ਦੇ ਡਾਇਰੈਕਟਰ ਜਨਰਲ ਸਮਨ ਸ਼੍ਰੀਰਤਨਨਾਇਕੇ ਨੇ ਬੁੱਧਵਾਰ ਨੂੰ ਕਿਹਾ ਕਿ ਵੋਟਿੰਗ ਤੋਂ ਪਹਿਲੇ ਔਰਤਾਂ ਸਮੇਤ ਸਾਰੇ ਵੋਟਰਾਂ ਨੂੰ ਆਪਣਾ ਪਛਾਣ ਪੱਤਰ ਦਿਖਾਉਣਾ ਹੋਵੇਗਾ। ਬੁਰਕੇ ਜਾਂ ਕਿਸੇ ਪ੍ਰਕਾਰ ਦਾ ਨਕਾਬ ਪਾ ਕੇ ਵੋਟ ਪਾਉਣ ਦੇ ਮੁਸਲਿਮ ਔਰਤਾਂ ਦੇ ਸਵਾਲ 'ਤੇ ਸ਼੍ਰੀਰਤਨਨਾਇਕੇ ਨੇ ਕਿਹਾ ਕਿ ਵੋਟਰਾਂ ਦਾ ਚਿਹਰਾ ਉਨ੍ਹਾਂ ਦੇ ਪਛਾਣ ਪੱਤਰਾਂ ਨਾਲ ਮਿਲਣਾ ਜ਼ਰੂਰੀ ਹੈ। ਵੋਟਾਂ ਪਾਉਣ ਲਈ ਵੋਟਰ ਸਲਿਪ ਲੈਣ ਤੋਂ ਪਹਿਲੇ ਬੁਰਕਾ ਪਾ ਕੇ ਪੁੱਜੀਆਂ ਔਰਤਾਂ ਨੂੰ ਮੂੰਹ ਤੋਂ ਬੁਰਕਾ ਹਟਾਉਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਆਪਣਾ ਚਿਹਰਾ ਦਿਖਾਉਣ ਤੋਂ ਇਨਕਾਰ ਕਰਦਾ ਹੈ ਤਾਂ ਵੋਟਿੰਗ ਕੇਂਦਰ ਦੇ ਇੰਚਾਰਜ ਨੂੰ ਉਸ ਨੂੰ ਵੋਟ ਪਾਉਣ ਤੋਂ ਰੋਕਣ ਦਾ ਪੂਰਾ ਅਧਿਕਾਰ ਹੈ। ਸ੍ਰੀਲੰਕਾ ਦੇ ਅੱਠਵੇਂ ਰਾਸ਼ਟਰਪਤੀ ਲਈ ਹੋਣ ਵਾਲੀ ਚੋਣ ਵਿਚ 35 ਉਮੀਦਵਾਰ ਮੈਦਾਨ ਵਿਚ ਹਨ। ਵਰਤਮਾਨ ਰਾਸ਼ਟਰਪਤੀ ਮੈਤਰੀਪਾਲ ਸਿਰੀਸੇਨ ਦਾ ਕਾਰਜਕਾਲ ਜਨਵਰੀ, 2020 ਵਿਚ ਪੂਰਾ ਹੋ ਰਿਹਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.