ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਜਾਰੀ ਰਹਿਣਗੇ ਵਰਕ ਪਰਮਿਟ

ਵਾਸ਼ਿੰਗਟਨ, 10 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਵਿਚ ਰਹਿ ਰਹੇ ਹਜ਼ਾਰਾਂ ਭਾਰਤੀਆਂ ਨੂੰ ਉਸ ਵੇਲੇ ਵੱਡੀ ਰਾਹਤ ਮਿਲ ਗਈ ਜਦੋਂ ਇਕ ਸਥਾਨਕ ਅਦਾਲਤ ਨੇ ਐਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਜਾਰੀ ਕਰਨ ਵਾਲਾ ਨਿਯਮ ਰੱਦ ਕਰਨ ਤੋਂ ਇਨਕਾਰ ਕਰ ਦਿਤਾ। ਕੋਲੰਬੀਆ ਜ਼ਿਲੇ ਵਿਚ ਸਥਿਤ ਅਪੀਲ ਅਦਾਲਤ ਦੇ ਤਿੰਨ ਜੱਜਾਂ ਵਾਲੇ ਬੈਂਚ ਨੇ ਇਹ ਮਾਮਲਾ ਮੁੜ ਹੇਠਲੀ ਅਦਾਲਤ ਕੋਲ ਭੇਜਦਿਆਂ ਕਿਹਾ ਕਿ ਇਸ ਬਾਰੇ ਪੂਰੀ ਤਰ•ਾਂ ਮੁਲਾਂਕਣ ਕਰਨ ਅਤੇ ਨਵੇਂ ਸਿਰੇ ਤੋਂ ਫ਼ੈਸਲਾ ਲਏ ਜਾਣ ਦੀ ਜ਼ਰੂਰਤ ਹੈ। ਚੇਤੇ ਰਹੇ ਕਿ ਓਬਾਮਾ ਦੇ ਰਾਸ਼ਟਰਪਤੀ ਹੁੰਦਿਆਂ ਐਚ-1ਬੀ ਵੀਜ਼ਾ ਧਾਰਕਾਂ ਦੇ ਪਤੀ ਜਾਂ ਪਤਨੀ ਨੂੰ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਦਿਤੀ ਗਈ ਸੀ ਅਤੇ ਸਭ ਤੋਂ ਵੱਧ ਫ਼ਾਇਦਾ ਭਾਰਤੀ ਮਹਿਲਾਵਾਂ ਨੂੰ ਹੋਇਆ ਸੀ ਜੋ ਐਚ-1ਬੀ ਵੀਜ਼ਾ 'ਤੇ ਅਮਰੀਕਾ ਪੁੱਜੇ ਪਤੀ ਨਾਲ ਰਹਿ ਰਹੀਆਂ ਸਨ। ਫ਼ੈਡਰਲ ਅਦਾਲਤ ਨੇ ਸੇਵਜ਼ ਜੌਬਜ਼ ਯੂ.ਐਸ.ਏ. ਨਾਂ ਦੀ ਜਥੇਬੰਦੀ ਵੱਲੋਂ ਦਾਇਰ ਮੁਕੱਦਮੇ 'ਤੇ ਉਕਤ ਹੁਕਮ ਜਾਰੀ ਕੀਤਾ। ਜਥੇਬੰਦੀ ਨੇ ਦਲੀਲ ਦਿਤੀ ਸੀ ਕਿ ਓਬਾਮਾ ਦੀਆਂ ਨੀਤੀਆਂ ਕਾਰਨ ਅਮਰੀਕੀ ਕਾਮੇ ਬੇਰੁਜ਼ਗਾਰ ਰਹਿਣ ਲਈ ਮਜਬੂਰ ਹਨ ਕਿਉਂਕਿ ਗ਼ੈਰ-ਇੰਮੀਗ੍ਰੈਂਟ ਵੀਜ਼ਾ 'ਤੇ ਅਮਰੀਕਾ ਆਉਣ ਵਾਲਿਆਂ ਦੇ ਜੀਵਨ ਸਾਥੀ ਵਰਕ ਪਰਮਿਟ ਦੇ ਹੱਕਦਾਰ ਨਹੀਂ।

ਹੋਰ ਖਬਰਾਂ »