ਇਸਲਾਮਾਬਾਦ, 11 ਨਵੰਬਰ, ਹ.ਬ. :  ਭਾਰਤ ਖ਼ਿਲਾਫ਼ ਮਾੜੇ ਪ੍ਰਚਾਰ ਦੀ ਮੁਹਿੰਮ ਤਹਿਤ ਪਾਕਿਸਤਾਨ ਨੇ ਆਪਣੇ ਵਾਰ ਮਿਊਜ਼ੀਅਮ (ਜੰਗ ਨਾਲ ਸਬੰਧਿਤ ਚੀਜ਼ਾਂ ਦਾ ਅਜਾਇਬਘਰ) ਵਿਚ ਭਾਰਤੀ ਹਵਾਈ ਫ਼ੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਦਾ ਪੁਤਲਾ ਰੱਖ ਦਿੱਤਾ ਹੈ। ਅਭਿਨੰਦਨ ਇਸ ਸਾਲ ਫਰਵਰੀ ਵਿਚ ਹਮਲੇ ਲਈ ਭਾਰਤ 'ਚ ਦਾਖ਼ਲ ਹੋਏ ਪਾਕਿਸਤਾਨੀ ਹਵਾਈ ਫ਼ੌਜ ਦੇ ਜਹਾਜ਼ਾਂ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਵਿਚ ਵੜੇ ਸਨ। ਇਥੇ ਵਿੰਗ ਕਮਾਂਡਰ ਅਭਿਨੰਦਨ ਨੇ ਪਾਕਿਸਤਾਨੀ ਐੱਫ-16 ਲੜਾਕੂ ਜਹਾਜ਼ ਨੂੰ ਡੇਗ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਦਾ ਮਿਗ ਜਹਾਜ਼ ਵੀ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਨ੍ਹਾਂ ਨੂੰ ਫੜ ਲਿਆ ਗਿਆ ਸੀ। ਬਾਅਦ ਵਿਚ ਭਾਰਤ ਦੇ ਤਿੱਖੇ ਤੇਵਰ ਦੇਖਦੇ ਹੋਏ ਪਾਕਿਸਤਾਨ ਨੂੰ ਅਭਿਨੰਦਨ ਨੂੰ ਭਾਰਤ ਹਵਾਲੇ ਕਰਨਾ ਪਿਆ ਸੀ। ਪਾਕਿਸਤਾਨੀ ਪੱਤਰਕਾਰ ਅਨਵਰ ਲੋਧੀ ਦੇ ਵਿੰਗ ਕਮਾਂਡਰ ਅਭਿਨੰਦਨ ਦੇ ਪੁਤਲੇ ਦਾ ਫੋਟੋ ਟਵਿੱਟਰ 'ਤੇ ਪੋਸਟ ਕਰਨ ਨਾਲ ਪਾਕਿਸਤਾਨ ਦੇ ਮਨਸੂਬਿਆਂ ਤੋਂ ਪਰਦਾ ਉੱਠ ਗਿਆ ਹੈ। ਲੋਧੀ ਨੇ ਪਾਕਿਸਤਾਨੀ ਫ਼ੌਜ ਦੀ ਹਰਕਤ 'ਤੇ ਵਿਅੰਗ ਕੱਸਦੇ ਹੋਏ ਟਵਿੱਟਰ 'ਤੇ ਲਿਖਿਆ ਹੈ ਕਿ ਇਸ ਪੁਤਲੇ ਤੋਂ ਨਿਕਲਿਆ ਸੰਦੇਸ਼ ਹੋਰ ਬਿਹਤਰ ਹੁੰਦਾ ਜੇਕਰ ਉਸ ਦੇ ਹੱਥ ਵਿਚ ਇਕ ਚਾਹ ਦਾ ਪਿਆਲਾ ਵੀ ਫੜਾ ਦਿੱਤਾ ਗਿਆ ਹੁੰਦਾ। ਫਰਵਰੀ ਵਿਚ ਅਭਿਨੰਦਨ ਦੀ ਪਾਕਿਸਤਾਨ ਦੀ ਹਿਰਾਸਤ ਦੇ ਸਮੇਂ ਦਾ ਜੋ ਵੀਡੀਓ ਪਾਕਿਸਤਾਨੀ ਫ਼ੌਜ ਨੇ ਜਾਰੀ ਕੀਤਾ ਸੀ ਉਸ ਵਿਚ ਉਨ੍ਹਾਂ ਨੂੰ ਚਾਹ ਪੀਂਦੇ ਹੋਏ ਦਿਖਾਇਆ ਗਿਆ ਸੀ। ਇਕ ਥਾਂ 'ਤੇ ਅਭਿਨੰਦਨ ਇਹ ਕਹਿੰਦੇ ਹੋਏ ਸੁਣਾਈ ਦਿੱਤੇ ਸਨ-ਇਹ ਚਾਹ ਸ਼ਾਨਦਾਰ ਹੈ, ਧੰਨਵਾਦ। ਪਾਕਿ ਦੇ ਵਾਰ ਮਿਊਜ਼ੀਅਮ ਵਿਚ ਵਿੰਗ ਕਮਾਂਡਰ ਅਭਿਨੰਦਨ ਦਾ ਪੁਤਲਾ ਇਕ ਕੱਚ ਦੇ ਬਾਕਸ ਵਿਚ ਰੱਖਿਆ ਹੋਇਆ ਹੈ। ਪਾਕਿਸਤਾਨੀ ਫ਼ੌਜ ਇਸ ਨੂੰ ਭਾਰਤ 'ਤੇ ਮਿਲੀ ਬੜਤ ਅਤੇ ਆਪਣੇ ਗੌਰਵ ਭਰਪੂਰ ਕੰਮ ਦੇ ਰੂਪ ਵਿਚ ਪ੍ਰਦਰਸ਼ਿਤ ਕਰ ਰਹੀ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.