ਮੰਡੀ ਗੋਬਿੰਦਗੜ੍ਹ, 11 ਨਵੰਬਰ, ਹ.ਬ. :  ਸੰਗਤਪੁਰਾ ਇਲਾਕੇ ਵਿਚ ਨਗਰ ਕੀਰਤਨ ਦੌਰਾਨ ਨੌਜਵਾਨ ਨੇ ਅਪਣੇ ਪਿਤਾ ਦੀ ਲਾਇਸੰਸੀ ਰਾਇਫਲ  ਨਾਲ ਹਵਾਈ ਫਾਇਰਿੰਗ ਕੀਤੀ। ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਕਾਰਨ ਤੁਰੰਤ ਹਰਕਤ ਵਿਚ ਆਈ ਗੋਬਿੰਦਗੜ੍ਹ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਜਤਿੰਦਰ ਸਿੰਘ ਅਤੇ ਉਸ ਦੇ ਪਿਤਾ ਨਸੀਬ ਸਿੰਘ ਦੇ ਖ਼ਿਲਾਫ਼ ਅਸਲਾ ਐਕਟ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।
ਜਾਣਕਾਰੀ ਅਨੁਸਾਰ 550ਵੇਂ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਪਾਠਸ਼ਾਹੀ ਤੋਂ ਕੱਢੇ ਗਏ ਅਲੌਕਿਕ ਨਗਰ ਕੀਰਤਨ ਜਿਵੇਂ ਹੀ ਦੁਪਹਿਰ ਬਾਅਦ ਸੰਗਤਪੁਰਾ ਇਲਾਕੇ ਵਿਚ ਪਹੁੰਚਿਆ ਤਾਂ ਜਤਿੰਦਰ ਸਿੰਘ ਨੇ ਅਪਣੇ ਪਿਤਾ ਨਸੀਬ ਸਿੰਘ ਦੀ ਲਾਇਸੰਸੀ 12 ਬੋਰ ਰਾਇਫਲ ਨਾਲ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਕਈ ਗੋਲੀਆਂ ਹਵਾ ਵਿਚ ਚਲਾ ਦਿੱਤੀਆਂ। ਘਰਾਂ ਦੀ ਛੱਤਾਂ 'ਤੇ ਖੜ੍ਹੇ ਲੋਕ ਘਬਰਾ ਗਏ ਅਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਸਬ ਇੰਸਪੈਕਟਰ ਕੁਲਦੀਪ ਸਿੰਘ ਨੇ ਦੱਸਿਆ ਕਿ ਹਵਾ ਵਿਚ ਗੋਲੀਆਂ ਚਲਾਉਣ ਵਾਲੇ ਨੌਜਵਾਨ ਅਤੇ ਉਸ ਦੇ ਪਿਤਾ ਨੂੰ ਲਾਇਸੰਸੀ ਰਾਇਫਲ ਸਣੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਇਸ ਮਾਮਲੇ ਸਬੰਧੀ ਮਾਮਲਾ ਦਰਜ ਕਰ ਲਿਆ ਹੈ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.