ਇਟਲੀ ਤੋਂ ਪਿੰਡ ਮੂਦਾ 11 ਨਵੰਬਰ ਨੂੰ ਆਇਆ ਸੀ
ਨਕੋਦਰ, 13 ਨਵੰਬਰ, ਹ.ਬ. :  ਥਾਣਾ ਸਦਰ ਨਕੋਦਰ 'ਚ ਆਉਂਦੇ ਪਿੰਡ ਮੂਦਾ 'ਚ ਇਟਲੀ ਤੋਂ ਆਏ ਇਕ ਵਿਅਕਤੀ ਦਾ ਉਸ ਦੇ ਦੋਸਤ ਨੇ ਕਥਿਤ ਤੌਰ 'ਤੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ ਪੁੱਤਰ ਸਤਵਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮਿਬਕ ਦੇ ਭਰਾ ਪਰਵਿੰਦਰ ਸਿੰਘ ਦੇ ਬਿਆਨਾਂ 'ਤੇ ਮੁਲਜ਼ਮ ਹਰਦੀਪ ਸਿੰਘ ਅਤੇ ਕਨੌਜ ਦੋਵੇਂ ਵਾਸੀ ਪਿੰਡ ਮੂਦਾ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ, ਜੋ ਅਜੇ ਫ਼ਰਾਰ ਹਨ। ਪੁਲਿਸ ਨੂੰ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਜਤਿੰਦਰ ਸਿੰਘ 12 ਸਾਲਾਂ ਬਾਅਦ ਇਟਲੀ ਤੋਂ ਪਿੰਡ ਮੂਦਾ 11 ਨਵੰਬਰ ਨੂੰ ਆਇਆ ਸੀ। ਜਤਿੰਦਰ ਸਿੰਘ ਦੀ ਹਰਦੀਪ ਸਿੰਘ ਨਾਲ ਦੋਸਤੀ ਸੀ। ਉਹ ਹਰਦੀਪ ਸਿੰਘ ਦੇ ਘਰ ਚਲਾ ਗਿਆ ਪਰ ਕਾਫ਼ੀ ਸਮਾਂ ਬੀਤਣ 'ਤੇ ਵੀ ਵਾਪਸ ਨਹੀਂ ਆਇਆ। ਉਹ ਹਰਦੀਪ ਸਿੰਘ ਦੇ ਘਰ ਗਏ ਤਾਂ ਵੇਖਿਆ ਕਿ ਜਤਿੰਦਰ ਬੈੱਡ 'ਤੇ ਬੇਸੁੱਧ ਪਿਆ ਸੀ ਤੇ ਮੁਲਜ਼ਮ ਹਰਦੀਪ ਸਿੰਘ ਤੇ ਕਨੌਜ ਉਸ ਦੇ ਕੋਲ ਸਨ। ਉਸ ਦਾ ਚਾਚਾ ਜੈਮਲ ਸਿੰਘ ਵੀ ਮੌਕੇ 'ਤੇ ਆ ਗਿਆ। ਉਹ ਜਤਿੰਦਰ ਸਿੰਘ ਨੂੰ ਨਕੋਦਰ ਦੇ ਇਕ ਪ੍ਰਾਈਵੇਟ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਜਤਿੰਦਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਉਨ੍ਹਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ। ਪਰਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਜਤਿੰਦਰ ਸਿੰਘ ਨੂੰ ਦੋਵਾਂ ਮੁਲਜ਼ਮਾਂ ਨੇ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.