ਵੇਰਕਾ, 13 ਨਵੰਬਰ, ਹ.ਬ. :  ਅੰਮ੍ਰਿਤਸਰ ਦੇ ਥਾਣਾ ਸਦਰ ਖੇਤਰ ਵਿਚ ਬੀਤੀ ਰਾਤ ਇੱਕ ਨਸ਼ੇੜੀ ਪੁੱਤਰ ਵਲੋਂ ਅਪਣੇ ਬਜ਼ੁਰਗ ਪਿਤਾ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੀ ਪਛਾਣ 70 ਸਾਲਾ ਜਨਕ ਰਾਜ ਪੁੱਤਰ ਕਪੂਰ ਚੰਦ ਮਹਿੰਦਰੂ ਵਾਸੀ ਵਿਜੇ ਨਗਰ ਵਿਚ ਪੈਂਦੇ ਇਲਾਕੇ ਟੰਡਨ ਨਗਰ ਗਲੀ ਨੰ : 1 ਬਟਾਲਾ ਰੋਡ ਅੰਮ੍ਰਿਤਸਰ ਵਜੋਂ ਹੋਈ। ਜਨਕ ਰਾਜ ਦੀ ਪਤਨੀ ਅਨੂ ਨੇ ਦੱਸਿਆ ਕਿ ਉਸ ਦਾ ਬੇਟਾ ਮੁਨੀਸ਼ ਮਹਿੰਦਰੂ ਨਸ਼ੇ ਦਾ ਆਦੀ ਹੋਣ ਕਾਰਨ ਅੰਮ੍ਰਿਤਸਰ ਦੇ ਨਸ਼ਾ ਛੁਡਾਊ  ਕੇਂਦਰ ਤੋਂ ਇਲਾਜ ਕਰਵਾ ਰਿਹਾ ਹੈ ਤੇ ਇਸ ਦੀ ਪਤਨੀ ਤਿੰਨ ਸਾਲ ਪਹਿਲਾਂ ਛੱਡ ਕੇ ਦੋ ਬੱਚਿਆਂ ਸਣੇ ਪੇਕੇ ਚਲੀ ਗਈ ਤੇ ਉਹ ਖੁਦ ਬੀਤੇ ਦਿਨ ਬੰਬੇ ਵਾਲਾ ਖੂਹ ਅੰਮ੍ਰਿਤਸਰ ਵਿਖੇ ਹੋਣ ਵਾਲੇ ਭੰਡਾਰੇ ਵਿਚ ਹਿੱਸਾ ਲੈਣ ਲਈ ਆਈ ਸੀ, ਤਦ ਮੁਨੀਸ਼ ਨੇ ਰਾਤ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਕਿ ਪਿਤੇ ਦੇ ਡਿੱਗਣ ਨਾਲ ਸਿਰ ਵਿਚ ਸੱਟ  ਲੱਗ ਗਈ ਅਤੇ ਅੱਜ ਸਵੇਰੇ ਕਰੀਬੀ ਰਿਸ਼ਤੇਦਾਰ ਔਰਤ ਨੇ ਉਸ ਨੂੰ ਜਨਕ ਰਾਜ ਦੀ ਮੌਤ ਬਾਰੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਜਦ ਉਹ ਘਰ ਪੁੰਜੀ ਤਾਂ ਉਸ ਦੇ ਪਤੀ ਦੀ ਖੂਨ ਨਾਲ ਲੱਥਪਥ ਲਾਸ਼ ਕਮਰੇ ਵਿਚ ਪਈ ਸੀ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਮੁਨੀਸ਼ ਅਕਸਰ ਹੀ ਅਪਣੇ ਪਿਤਾ ਦੀ ਕੁੱਟਮਾਰ ਕਰਦਾ ਸੀ ਤੇ ਬੀਤੀ ਰਾਤ ਵੀ ਝਗੜਾ ਹੋਣ ਦੀਆਂ ਅਵਾਜ਼ਾਂ ਆਈਆਂ, ਜਿਸ ਦੌਰਾਨ ਮੁਨੀਸ਼ ਨੇ ਤੇਜ਼ਧਾਰ ਹਥਿਆਰ ਜਨਕ ਰਾਜ ਦੇ ਸਿਰ 'ਤੇ ਮਾਰਿਆ। ਜਾਣਕਾਰੀ ਮਿਲਣ 'ਤੇ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਮੁਨੀਸ਼ ਨੂੰ ਹਿਰਾਸਤ ਵਿਚ ਲੈ ਲਿਆ।

ਹੋਰ ਖਬਰਾਂ »

ਪੰਜਾਬ

ਹਮਦਰਦ ਟੀ.ਵੀ.