ਨਿਊਯਾਰਕ, 14 ਨਵੰਬਰ, ਹ.ਬ. :  ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਤੇ ਚੇਅਰਪਰਸਨ ਨੀਤਾ ਅੰਬਾਨੀ (56) ਨੂੰ ਨਿਊਯਾਰਕ ਦੇ 'ਦਿ ਮੈਟਰੋਲਪਾਲੀਟਨ ਮਿਊਜ਼ੀਅਮ ਆਫ ਆਰਟ' (ਦਿ ਮੇਟ) ਦੇ ਬੋਰਡ ਵਿਚ ਚੁਣਿਆ ਗਿਆ ਹੈ। ਅਮਰੀਕੀ ਅਜਾਇਬ ਘਰ ਦੇ 149 ਸਾਲ ਦੇ ਇਤਿਹਾਸ ਵਿਚ ਆਨਰੇਰੀ ਮੈਂਬਰ ਦੀ ਭੂਮਿਕਾ ਨਿਭਾਉਣ ਵਾਲੀ ਉਹ ਪਹਿਲੀ ਭਾਰਤੀ ਹਨ। ਭਾਰਤ ਦੀ ਕਲਾ ਤੇ ਸੰਸਕ੍ਰਿਤੀ ਦੀ ਸਾਂਭ-ਸੰਭਾਲ ਕਰਨ ਅਤੇ ਪ੍ਰਚਾਰ-ਪ੍ਰਸਾਰ ਦੀ ਗ਼ੈਰ-ਸਧਾਰਨ ਵਚਨਬੱਧਤਾ ਕਾਰਨ ਉਨ੍ਹਾਂ ਨੂੰ ਬੋਰਡ ਵਿਚ ਸ਼ਾਮਲ ਕੀਤਾ ਗਿਆ ਹੈ। ਇਹ ਮਿਊਜ਼ੀਅਮ ਦੁਨੀਆ ਦੇ ਸਭ ਤੋਂ ਵੱਡੇ ਤੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਮਿਊਜ਼ੀਅਮਾਂ ਵਿਚ ਸ਼ਾਮਲ ਹੈ। ਮਿਊਜ਼ੀਅਮ ਦੇ ਮੁਖੀ ਡੈਨੀਅਲ ਬ੍ਰਾਡਸਕੀ ਨੇ ਦੱਸਿਆ ਕਿ ਮੰਗਲਵਾਰ ਨੂੰ ਬੋਰਡ ਦੀ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ। ਬੋਰਡ ਵਿਚ ਨੀਤਾ ਅੰਬਾਨੀ ਦਾ ਸਵਾਗਤ ਕਰਦਿਆਂ ਬ੍ਰਾਡਸਕੀ ਨੇ ਕਿਹਾ ਕਿ ਦਿ ਮੇਟ ਤੇ ਭਾਰਤ ਦੀ ਕਲਾ ਤੇ ਸੰਸਕ੍ਰਿਤੀ ਦੀ ਸਾਂਭ-ਸੰਭਾਲ ਕਰਨ ਤੇ ਉਸ ਨੂੰ ਉਤਸ਼ਾਹਿਤ ਕਰਨ ਵਿਚ ਉਨ੍ਹਾਂ ਦੀ ਵਚਨਬੱਧਤਾ ਸਹੀ ਅਰਥਾਂ ਵਿਚ ਗ਼ੈਰ-ਸਧਾਰਨ ਹੈ। ਆਪਣੀ ਚੋਣ 'ਤੇ ਨੀਤਾ ਅੰਬਾਨੀ ਨੇ ਕਿਹਾ, 'ਪਿਛਲੇ ਕਈ ਸਾਲਾਂ ਤੋਂ ਇਹ ਦੇਖਣ ਸੁਖਦ ਰਿਹਾ ਹੈ ਕਿ ਭਾਰਤੀ ਕਲਾਵਾਂ ਦੇ ਪ੍ਰਦਰਸ਼ਨ 'ਚ ਮੈਟਰੋਪਾਲੀਟਨ ਮਿਊਜ਼ੀਅਮ ਆਫ ਆਰਟ ਨੇ ਦਿਲਚਸਪੀ ਦਿਖਾਈ ਹੈ। ਇਹ ਸਮਾਨ ਮੈਨੂੰ ਭਾਰਤ ਦੀ ਪ੍ਰਰਾਚੀਨ ਵਿਰਾਸਤ ਲਈ ਮੇਰੇ ਯਤਨਾਂ ਨੂੰ ਦੁਗਣਾ ਕਰਨ 'ਚ ਮਦਦ ਕਰੇਗਾ।' ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੀ ਪਤਨੀ ਨੀਤਾ ਸਾਲ 2016 ਤੋਂ ਦਿ ਮੇਟ ਨੂੰ ਸਹਿਯੋਗ ਦੇ ਰਹੇ ਹਨ। ਇਸ ਮਿਊਜ਼ੀਅਮ ਨੂੰ 13 ਅਪ੍ਰੈਲ 1870 ਨੂੰ ਸਥਾਪਤ ਕੀਤਾ ਗਿਆ ਸੀ। ਇੱਥੇ ਦੁਨੀਆ ਭਰ ਦੀਆਂ 5000 ਸਾਲ ਤਕ ਪੁਰਾਣੀਆਂ ਕਲਾਕ੍ਰਿਤੀਆਂ ਵੀ ਮੌਜੂਦ ਹਨ। ਹਰ ਸਾਲ ਲੱਖਾਂ ਲੋਕ ਮਿਊਜ਼ੀਅਮ ਦੇਖਣ ਪੁੱਜਦੇ ਹਨ। ਇਨ੍ਹਾਂ ਵਿਚ ਕਈ ਅਰਬਪਤੀ ਤੇ ਸੈਲੇਬ੍ਰਿਟੀਜ਼ ਵੀ ਹੁੰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.