ਨਵੀਂ ਦਿੱਲੀ, 15 ਨਵੰਬਰ, ਹ.ਬ. :  ਐਨਫੋਰਸਮੈਂਟ ਡਾਇਰੈਕਟਰ ਨੇ ਰੈਲੀਗੋਰ ਫਿਨਵੈਸਟ ਲਿਮਟਿਡ ਨਾਲ ਕਥਿਤ ਫੰਡਾਂ ਦੇ ਗਬਨ ਨਾਲ ਸਬੰਧਤ ਕਾਲੇ ਧਨ ਨੂੰ ਸਫੈਦ ਬਣਾਉਣ ਦੇ ਮਾਮਲੇ ਵਿਚ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਸਟਰ ਮਾਲਵਿੰਦਰ ਸਿੰਘ ਅਤੇ ਰੈਲੀਗੋਰ ਐਂਟਰਪ੍ਰਾਈਜ਼ਿਜ਼ ਲਿਮਟਿਡ ਦੇ ਸਾਬਕਾ ਸੀਐਮਡੀ ਸੁਨੀਲ ਗੋਧਵਾਨੀ ਨੂੰ ਗ੍ਰਿਫਤਾਰ ਕਰ ਲਿਆ। ਈਡੀ ਨੇ ਦੋਵਾਂ ਨੂੰ ਤਿਹਾੜ ਜੇਲ੍ਹ ਵਿਚ ਅਪਣੀ ਹਿਰਾਸਤ ਵਿਚ ਲੈ ਲਿਆ।  ਸਿੰਘ ਤੇ ਗੋਧਵਾਨੀ ਦਿੱਲੀ ਪੁਲਿਸ  ਵਲੋਂ ਦਰਜ ਕਥਿਤ ਘੁਟਾਲੇ ਦੇ ਕੇਸ ਵਿਚ ਤਿਹਾੜ ਜੇਲ੍ਹ ਵਿਚ ਬੰਦ ਸਨ। ਵਕੀਲਾਂ ਦੀ ਹੜਤਾਲ ਕਰਕੇ ਦੋਵੇਂ ਹਾਲ ਦੀ ਘੜੀ ਤਿਹਾੜ ਜਲ੍ਹ ਵਿਚ ਹੀ ਹਨ। ਇਸ ਤੋਂ ਪਹਿਲਾਂ ਜਾਂਚ ਏਜੰਸੀ ਦੇ ਵਕੀਲ ਨਿਤੇਸ਼ ਰਾਣਾ ਨੇ ਅਦਾਲਤ ਨੂੰ ਈਡੀ ਵਲੋਂ ਹੁਣ ਤੱਕ ਕੀਤੀ ਜਾਂਚ ਪੜਤਾਲ ਤੋਂ ਜਾਣੂ ਕਰਾਉਂਦਿਆਂ ਮੁਲਜ਼ਮਾਂ ਤੋਂ ਹਿਰਾਸਤੀ ਪੁਛਗਿੱਛ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਨ ਦੀ ਮੰਗ ਕੀਤੀ। ਵਿਸ਼ੇਸ਼ ਜੱਜ ਸੰਦੀਪ ਯਾਦਵ ਦੀ ਅਦਾਲਤ ਨੇ ਹਾਲਾਂਕਿ ਹਦਾਇਤ ਕੀਤੀ ਕਿ ਮੁਲਜ਼ਮਾਂ ਨੂੰ ਕੇਂਦਰੀ ਜੇਲ੍ਹ ਦੇ ਅੰਦਰ ਹੀ ਮੈਟਰੋਪਾਲਿਟਨ ਮੈਜਿਸਟ੍ਰੇਟ ਅੱਗੇ ਪੇਸ਼ ਕੀਤਾ ਜਾਵੇ, ਕਿਉਂਕਿ ਵਕੀਲਾਂ ਦੀ ਮੌਜੂਦਾ ਹੜਤਾਲ ਕਰਕੇ ਹਵਾਲਾਤੀਆਂ ਨੂੰ ਸਾਕੇਤ ਜ਼ਿਲ੍ਹਾ ਅਦਾਲਤ  ਵਿਚ ਸਰੀਰਕ ਜਾਂ ਵੀਡੀਓ ਕਾਨਫਰਸਿੰਗ ਜ਼ਰੀਏ ਪੇਸ਼ ਕਰਨਾ ਮੁਸ਼ਕਲ ਹੈ। ਮਾਲਵਿੰਦਰ ਸਿੰਘ ਤੇ ਸੁਨੀਲ ਗੋਧਵਾਨੀ ਨੂੰ ਹਿਰਾਸਤ ਵਿਚ ਲੈਣ ਮਗਰੋਂ ਹਾਲ ਦੀ ਘੜੀ ਕੇਂਦਰੀ ਜੇਲ੍ਹ ਦੇ ਕ੍ਰਮਵਾਰ 8 ਤੇ 7 ਨੰਬਰ ਸੈਲ ਵਿਚ ਰੱਖਿਆ ਗਿਆ ਹੈ। ਵਿਸ਼ੇਸ਼ ਜੱਜ ਦੀ ਹਦਾਇਤ ਮੁਤਾਬਕ ਈਡੀ ਹੁਣ ਦੋਵਾਂ ਨੂੰ ਭਡਕੇ 15 ਨਵੰਬਰ ਨੂੰ ਸਬੰਧਤ ਡਿਊਟੀ ਮੈਜਿਸਟ੍ਰੇਟ ਅੱਗੇ ਪੇਸ਼ ਕਰੇਗੀ।
ਸਿੰਘ ਤੇ ਗੋਧਵਾਨੀ 'ਤੇ ਕਾਲੇ ਧਨ ਨੂੰ ਸਫੈਦ ਬਣਾਉਣ ਦਾ ਦੋਸ਼ ਹੈ, ਜੋ ਕਿ ਅਪਰਾਧ ਹੈ। ਈਡੀ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਹੋਰਨਾਂ ਨਾਲ ਮਿਲ ਕੇ ਇੱਕ ਹਜ਼ਾਰ ਕਰੋੜ ਰੁਪਏ ਨੂੰ ਕਰਜ਼ਿਆਂ ਦੇ ਰੂਪ ਵਿਚ ਵੱਖ ਵੱਖ ਵਿਅਕਤੀਆਂ ਦੇ ਖਾਤਿਆਂ ਵਿਚ ਵਿਖਾਇਆ ਤੇ ਮਗਰੋਂ Îਇਹ ਰਾਸ਼ੀ ਖੁਰਦ ਬੁਰਦ ਕਰ ਦਿੱਤੀ।

ਹੋਰ ਖਬਰਾਂ »