ਲੁਧਿਆਣਾ, 15 ਨਵੰਬਰ, ਹ.ਬ. :  ਨਸ਼ੇ ਦੇ ਕੇਸ ਵਿਚ ਸਜ਼ਾ ਕੱਟ ਰਿਹਾ ਕੈਦੀ ਪੇਸ਼ੀ ਤੋਂ ਵਾਪਸ ਸੈਂਟਰਲ ਜੇਲ੍ਹ ਆਉਂਦੇ ਸਮੇਂ ਬਸ ਵਿਚੋਂ ਫਰਾਰ ਹੋ ਗਿਆ। ਕੈਦੀ ਸੂਰਜ ਕੁਮਾਰ ਨਸ਼ੇ ਦੇ ਕੇਸ ਵਿਚ ਕੇਂਦਰੀ ਜੇਲ੍ਹ ਵਿਚ 12 ਸਾਲ ਦੀ ਸਜ਼ਾ ਭੁਗਤ ਰਿਹਾ ਸੀ। ਉਕਤ ਕੈਦੀ 'ਤੇ ਥਾਣਾ ਸਦਰ ਵਿਚ ਦੋ ਹੋਰ ਕੇਸ ਦਰਜ ਹੋਣ ਕਾਰਨ ਸਵੇਰੇ ਪੇਸ਼ੀ ਭੁਗਤਣ ਗਿਆ। ਉਕਤ ਕੈਦੀ ਸਣੇ ਹੋਰਨਾਂ ਬੰਦੀਆਂ ਨੂੰ ਜਦੋਂ ਪੁਲਿਸ ਗਾਰਦ ਬਸ ਰਾਹੀਂ ਸੈਂਟਰਲ ਜੇਲ੍ਹ ਲੈ ਕੇ ਪੁੱਜੀ ਤਾਂ ਜੇਲ੍ਹ ਦਾ ਮੁਲਾਜ਼ਮ ਪੇਸ਼ੀ ਤੋਂ ਆਏ ਬੰਦੀਆਂ ਦੀ ਗਿਣਤੀ ਕਰਕੇ ਜੇਲ੍ਹ ਵਿਚ ਦਾਖ਼ਲ ਕਰ ਰਿਹਾ ਸੀ ਕਿ 20 ਬੰਦੀਆਂ ਦੀ ਗਿਣਤੀ ਵਿਚ 19 ਬੰਦੀਆਂ ਦੀ ਗਿਣਤੀ ਆਉਣ ਨਾਲ ਪੁਲਿਸ ਗਾਰਦ ਮੁਲਾਜਮਾਂ ਦੇ ਹੱਥ ਪੈਰ ਫੁੱਲ ਗਏ ਜਦੋਂ ਉਕਤ ਮੁਲਾਜ਼ਮਾਂ ਨੇ ਬਸ ਦੀ ਤਲਾਸ਼ੀ ਲੈਣੀ ਸ਼ੁਰੂ ਕੀਤੀ ਤਾਂ ਬੈਠਣ ਵਾਲੀ ਸੀਟ ਦੇ ਥੱਲੇ ਇੱਕ ਵੱਡਾ ਸੁਰਾਖ ਸੀ। ਉਕਤ ਕੈਦੀ  ਕਿਤੇ ਗੱਡੀ ਰੁਕਣ 'ਤੇ ਉਕਤ ਸੁਰਾਖ ਦਾ ਫਾਇਦਾ ਲੈ ਕੇ ਫਰਾਰ ਹੋ ਗਿਆ। ਪੁਲਿਸ ਦੇ ਅਧਿਕਾਰੀ ਇਸ ਕੇਸ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।
ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਨਾਲ ਬੈਠੇ ਬੰਦੀ ਨੂੰ ਇਸ ਦੀ ਭਿਣਕ ਕਿਉਂ ਨਹੀਂ ਪਈ, ਜਦ ਕਿ ਪੁਲਿਸ ਗਾਰਦ ਦੇ ਮੁਲਾਜ਼ਮ ਅੱਗੇ ਪਿੱਛੇ ਅਤੇ ਸੈਂਟਰ ਵਿਚ ਪੇਸ਼ੀ 'ਤੇ ਆਉਣ ਵਾਲੇ ਕੈਦੀਆਂ  ਦੀ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰਖਦੇ ਹਨ।

ਹੋਰ ਖਬਰਾਂ »