ਘਨੌਰ, 16 ਨਵੰਬਰ, ਹ.ਬ. :  ਘਨੌਰ ਦੇ ਪਿੰਡ ਤਖਤੂਮਾਜਰਾ ਵਿਚ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੋਏ ਵਿਵਾਦ ਕਾਰਨ ਸ਼ੁੱਕਰਵਾਰ ਨੂੰ ਕਾਂਗਰਸੀ ਅਤੇ ਅਕਾਲੀ ਆਪਸ ਵਿਚ ਲੜ ਪਏ। ਪਹਿਲਾਂ ਕਾਂਗਰਸੀ ਸਰਪੰਚ ਅਤੇ ਉਸ ਦੇ ਭਰਾ ਨੂੰ ਪੁਲਿਸ ਥਾਣੇ ਦੇ ਸਾਹਮਣੇ ਕੁੱਟਿਆ ਫੇਰ ਸਰਕਾਰੀ ਹਸਪਤਾਲ ਦੀ ਐਮਰਜੈਂਸੀ ਵਿਚ ਜਾ ਕੇ ਕੁੱਟਿਆ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ 'ਤੇ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਵਿਚ ਕਈ ਅਕਾਲੀ ਦਲ ਨਾਲ ਸਬੰਧਤ ਮੈਂਬਰ ਹਨ, ਨੇ ਪਿੰਡ ਵਿਚ ਉਗਰਾਹੀ ਦੌਰਾਨ ਕਾਂਗਰਸੀ ਘਰਾਂ ਨੂੰ ਛੱਡ ਦਿੱਤਾ ਸੀ। ਇਸ ਤੋਂ ਖਫ਼ਾ ਲੋਕਾਂ ਨੇ ਇਸ ਬਾਰੇ ਵਿਚ ਕਾਂਗਰਸੀ ਸਰਪੰਚ ਹਰਸੰਗਤ ਸਿੰਘ ਨੂੰ ਦੱਸਿਆ ਸੀ। ਸਰਪੰਚ ਨੇ ਇਸ ਬਾਰੇ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਸਾਹਮਣੇ ਇਤਰਾਜ਼ ਜਤਾਇਆ। ਇਸ 'ਤੇ ਸਾਬਕਾ ਅਕਾਲੀ ਸਰਪੰਚ ਰਣਜੀਤ ਸਿੰਘ ਅਤੇ ਪਰਵਿੰਦਰ ਸਿੰਘ ਨੇ ਵਿਵਾਦ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵੇਂ ਧਿਰਾਂ ਨੇ ਖੇੜੀ ਗੰਡਿਆਂ ਥਾਣੇ ਵਿਚ ਸ਼ਿਕਾਇਤ ਦਿੱਤੀ ਸੀ। ਸ਼ੁੱਕਰਵਾਰ ਨੂੰ ਦੋਵੇਂ ਧਿਰਾਂ ਥਾਣੇ ਪੁੱਜੀਆਂ ਸਨ । ਇਸ ਦੌਰਾਨ ਦੋਵੇਂ ਧਿਰਾਂ ਵਿਚ ਝਗੜਾ ਹੋ ਗਿਆ।
ਥਾਣੇ ਵਿਚ ਮਾਰਕੁੱਟ ਤੋਂ ਬਾਅਦ ਜ਼ਖਮੀ ਸਰਪੰਚ ਹਰਸੰਗਤ, ਭਰਾ ਗੁਰਮੀਤ ਦੇ ਨਾਲ ਦੁਪਹਿਰ ਨੂੰ ਹਸਪਤਾਲ ਵਿਚ ਭਰਤੀ ਹੋਇਆ। ਕਰੀਬ ਸਾਢੇ ਤਿੰਨ ਵਜੇ 10 ਤੋਂ 12 ਲੋਕ ਹਥਿਆਰਾਂ ਦੇ ਨਾਲ ਐਮਰਜੈਂਸੀ ਵਿਚ ਦਾਖ਼ਲ ਹੋਏ ਅਤੇ ਮਰੀਜ਼ਾਂ ਤੇ ਉਨ੍ਹਾਂ ਦੇ ਘਰ ਵਾਲਿਆਂ ਨੂੰ ਫ਼ੋਟੋ ਜਾਂ ਵੀਡੀਓ ਨਾ ਬਣਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਲਾਠੀ, ਗੰਡਾਸਿਆਂ ਅਤੇ ਲੋਹੇ ਦੀ ਕੁਰਸੀਆਂ ਨੂੰ ਚੁੱਕ ਚੁੱਕ ਕੇ ਸਰਪੰਚ ਅਤੇ ਉਨ੍ਹਾਂ ਦੇ ਭਰਾ ਦੀ ਕੁੱਟਮਾਰ ਕੀਤੀ। ਦੋਵੇਂ ਭਰਾ ਜਾਨ ਬਚਾਉਣ ਦੇ ਲਈ ਆਸ ਪਾਸ ਲੁਕਦੇ ਰਹੇ ਲੇਕਿਨ ਹਮਲਾਵਰ ਇਨ੍ਹਾਂ ਭਜਾ ਭਜਾ ਕੇ ਕੁੱਟਦੇ ਰਹੇ। ਇਸ ਤੋਂ ਬਾਅਦ ਸਰਪੰਚ ਦੀ ਹਸਪਤਾਲ ਦੇ ਬਾਹਰ ਖੜ੍ਹੀ ਗੱਡੀ ਨੂੰ ਵੀ ਹਮਲਾਵਰ ਤੋੜ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਹਸਪਤਾਲ ਪੁੱਜੇ ਅਤੇ ਕਾਂਗਰਸੀ ਸਰਪੰਚ ਦਾ ਹਾਲ ਚਾਲ ਜਾਣਿਆ। ਉਨ੍ਹਾਂ ਨੇ ਅਪਣੀ ਸਰਕਾਰ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਲਾਹਨਤ ਹੈ, ਸਾਡੀ ਸਰਕਾਰ ਵਿਚ ਹੀ ਅਕਾਲੀ ਐਨੀ ਗੁੰਡਾਗਰਦੀ ਕਰ ਰਹੇ ਹਨ। ਅਕਾਲੀਆਂ ਨੂੰ ਸ਼ਹਿ ਦੇਣ ਵਿਚ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਦਾ ਹੱਥ ਹੈ। ਉਹ ਖੁਦ ਥਾਣੇ ਪੁੱਜੀ ਅਤੇ ਇਹ ਹਮਲਾ ਕਰਾਇਆ।
ਸਾਬਕਾ ਅਕਾਲੀ ਵਿਧਾਇਕ ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਅਕਾਲੀ ਵਰਕਰ ਦੀ ਕਾਂਗਰਸੀਆਂ ਨੇ ਪਗੜੀ ਉਤਾਰੀ ਤਾਂ ਉਸ ਨੇ ਮੈਨੂੰ ਫੋਨ ਕੀਤਾ। ਮੈਂ ਤੁਰੰਤ ਡੀਐਸਪੀ ਨੂੰ ਫੋਨ ਕਰਕੇ ਕਾਰਵਾਈ ਦੀ ਮੰਗ ਕੀਤੀ, ਡੀਐਸਪੀ ਨੇ ਕਿਹਾ, ਉਹ ਖੁਦ ਥਾਣੇ ਜਾ ਰਹੇ ਹਨ, ਇਸ ਲਈ ਉਹ ਵੀ ਖੁਦ ਥਾਣੇ ਆ ਜਾਣ। ਮੈਂ ਡੀਐਸਪੀ ਦੇ ਕਹਿਣ 'ਤੇ ਥਾਣੇ ਗਈ ਅਤੇ ਅਫਸਰਾਂ ਨੂੰ ਕਿਹਾ ਕਿ ਜੋ ਵੀ ਦੋਸ਼ੀ ਹੋਵੇ ਉਸ 'ਤੇ ਕਾਰਵਾਈ ਕੀਤੀ ਜਾਵੇ। ਹੁਣ ਮੈਨੂੰ ਨਹੀਂ ਪਤਾ ਕੀ ਬਾਅਦ ਵਿਚ ਕੀ ਹੋਇਆ ਕੀ ਨਹੀਂ। ਡੀਐਸਪੀ ਰਾਜਪੁਰਾ, ਮਨਜੀਤ ਸਿੰਘ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਲੈਣ ਤੋਂ ਬਾਅਦ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
 

ਹੋਰ ਖਬਰਾਂ »

ਹਮਦਰਦ ਟੀ.ਵੀ.