ਪੀਲ ਪੁਲਿਸ ਨੇ ਕਾਰ ਦੇ ਵੇਰਵੇ ਵੀ ਜਾਰੀ ਕੀਤੇ

ਬਰੈਂਪਟਨ, 17 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਬਲਾਤਕਾਰ ਦੇ ਇਕ ਮਾਮਲੇ ਵਿਚ ਲੋੜੀਂਦੇ ਦਸਤਾਰਧਾਰੀ ਸ਼ਖਸ ਦਾ ਸਕੈਚ ਪੀਲ ਰੀਜਨਲ ਪੁਲਿਸ ਨੇ ਜਾਰੀ ਕਰ ਦਿਤਾ ਹੈ। ਪੁਲਿਸ ਨੇ ਦਸਤਾਰਧਾਰੀ ਸ਼ਖਸ ਵੱਲੋਂ ਵਰਤੀ ਗਈ ਗੱਡੀ ਦੇ ਵੇਰਵੇ ਵੀ ਜਾਰੀ ਕੀਤੇ ਹਨ ਜਿਨ•ਾਂ ਮੁਤਾਬਕ ਉਹ ਨਾਭੀ ਰੰਗ ਦੀ 2015-16 ਮਾਡਲ 'ਨਿਸਨ ਸੈਂਟਰਾ' ਕਾਰ ਸੀ। ਦੱਸ ਦੇਈਏ ਕਿ 10 ਨਵੰਬਰ ਨੂੰ ਵੱਡੇ ਤੜਕੇ ਇਕ ਵਜੇ ਤੋਂ 3 ਵਜੇ ਦਰਮਿਆਨ ਬਰੈਂਪਟਨ ਵਿਖੇ ਵਾਪਰੀ ਘਟਨਾ ਦੌਰਾਨ ਦਸਤਾਰਧਾਰੀ ਸ਼ਖਸ ਨੇ ਇਕ ਮਹਿਲਾ ਨੂੰ ਲਿਫ਼ਟ ਦੇਣ ਦੇ ਬਹਾਨੇ ਆਪਣੀ ਗੱਡੀ ਵਿਚ ਬਿਠਾਇਆ ਅਤੇ ਅਣਦੱਸੀ ਥਾਂ 'ਤੇ ਲਿਜਾ ਕੇ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਬਰੈਂਪਟਨ ਦੇ ਚਿੰਗੂਕੋਜ਼ੀ ਰੋਡ ਅਤੇ ਬੋਵੇਅਰਡ ਡਰਾਈਵ ਵੈਸਟ ਇਲਾਕੇ ਵਿਚ ਇਕ ਗੱਡੀ ਵਿਚ ਸਵਾਰ ਸ਼ਖਸ ਨੇ ਮਹਿਲਾ ਨੂੰ ਘਰ ਛੱਡਣ ਦੀ ਪੇਸ਼ਕਸ਼ ਕੀਤੀ। ਮਹਿਲਾ ਗੱਡੀ ਵਿਚ ਬੈਠ ਗਈ ਪਰ ਕੁਝ ਹੀ ਪਲਾਂ ਮਗਰੋਂ ਉਸ ਨੂੰ ਅਹਿਸਾਸ ਹੋਇਆ ਕਿ ਡਰਾਈਵਰ, ਉਸ ਵੱਲੋਂ ਦੱਸੇ ਰਾਹ ਦੀ ਬਜਾਏ ਕਿਸੇ ਹੋਰ ਪਾਸੇ ਜਾ ਰਿਹਾ ਹੈ। ਗੱਡੀ ਦਾ ਡਰਾਈਵਰ ਉਸ ਮਹਿਲਾ ਨੂੰ ਇਕ ਸੁੰਨਸਾਨ ਪਾਰਕਿੰਗ ਵਿਚ ਲੈ ਗਿਆ ਅਤੇ ਉਥੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਲੋਕਾਂ ਨੂੰ ਸੁਝਾਅ ਦਿਤਾ ਹੈ ਕਿ ਕਿਸੇ ਅਣਜਾਣ ਸ਼ਖਸ ਤੋਂ ਲਿਫ਼ਟ ਨਾ ਲਈ ਜਾਵੇ ਅਤੇ ਰਾਤ ਵੇਲੇ ਇਕੱਲੇ ਜਾਂਦਿਆਂ ਹਮੇਸ਼ਾ ਸਾਵਧਾਨ ਰਹੋ। ਇਸ ਦੇ ਨਾਲ ਹੀ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸ਼ੱਕੀ ਦੀ ਸ਼ਨਾਖ਼ਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਅਫ਼ਸਰਾਂ ਨੂੰ 905-453-2121 ਐਕਸਟੈਨਸ਼ਨ 3460 'ਤੇ ਕਾਲ ਕੀਤੀ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1-800-222-ਟਿਪਸ 8477 'ਤੇ ਕਾਲ ਕੀਤੀ ਜਾ ਸਕਦੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.