21 ਹਜ਼ਾਰ ਕਿਲੋਮੀਟਰ ਸਫ਼ਰ ਤੈਅ ਕਰਕੇ ਪੁੱਜੀ ਭਾਰਤ
ਗੁਰਦੁਆਰਾ ਬੇਰ ਸਾਹਿਬ ਦੇ ਦਰਸ਼ਨ ਕਰਨਗੇ ਸ਼ਰਧਾਲੂ
ਅਟਾਰੀ, 18 ਨਵੰਬਰ, ਹ.ਬ. : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਾਰੀ ਦੁਨੀਆ 'ਚ ਬੜੀ ਸ਼ਰਧਾ ਨਾਲ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸੇ ਲੜੀ ਤਹਿਤ ਕੈਨੇਡਾ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਰਧਾਲੂਆਂ ਨੂੰ ਲੈ ਕੇ ਜੋ ਬੱਸ ਚੱਲੀ ਸੀ। ਜੋ ਹੁਣ ਪਾਕਿਸਤਾਨ ਦੇ ਰਸਤੇ ਅਟਾਰੀ ਬਾਰਡਰ ਰਾਹੀਂ ਭਾਰਤ ਪੁੱਜੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਗੋਂਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਡੀਸ਼ਨਲ ਮੈਨੇਜਰ ਰਜਿੰਦਰ ਸਿੰਘ ਨੇ ਅਟਾਰੀ ਬਾਰਡਰ ਪਹੁੰਚਣ 'ਤੇ ਕੈਨੇਡਾ ਤੋਂ ਆਏ ਸ਼ਰਧਾਲੂਆਂ ਦਾ ਸਿਰੋਪਾਓ ਦੇ ਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਜਥੇ ਦੇ ਲੀਡਰ ਗੁਰਚਰਣ ਸਿੰਘ ਨੇ ਅਟਾਰੀ ਬਾਰਡਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਬੱਸ  3 ਸਤੰਬਰ ਨੂੰ ਕੈਨੇਡਾ ਦੇ ਸ਼ਹਿਰ ਟਰਾਂਟੋ ਤੋਂ ਚੱਲੀ ਸੀ ਜੋ ਅੱਜ 17 ਦੇਸ਼ਾਂ ਦੇ 'ਚੋਂ ਦੀ ਹੁੰਦੀ ਹੋਈ ਤਕਰੀਬਨ 21 ਹਜ਼ਾਰ ਕਿਲੋਮੀਟਰ ਦਾ ਸਫਰ ਤੈਅ ਕਰਕੇ ਭਾਰਤ ਪੁੱਜੀ ਹੈ।  ਉਨ੍ਹਾਂ ਕਿਹਾ ਕਿ ਸਾਡੀ ਇਸ ਯਾਤਰਾ ਦਾ ਮੁੱਖ ਮੰਤਵ ਗੁਰੂ ਨਾਨਕ ਦੇਵ ਜੀ ਦਾ ਜੋ ਮਨੁੱਖਤਾ ਲਈ ਸੰਦੇਸ਼ ਦਿੱਤਾ ਹੈ ਉਸ ਨੂੰ ਘਰ-ਘਰ ਪਹੁੰਚਾਉਣਾ ਹੈ ਤੇ ਖ਼ਾਸ ਕਰਕੇ ਜੋ ਸਿੱਖੀ ਤੋਂ ਦੂਰ ਹੋ ਰਹੇ ਹਨ, ਉਨ੍ਹਾਂ ਨੂੰ ਧਰਮ ਨਾਲ ਜੁੜਣ ਦਾ ਹੋਕਾ ਦੇਣਾ ਹੈ। ਉਨ੍ਹਾਂ ਕਿਹਾ ਕਿ ਸਫਰ ਦੌਰਾਨ 17 ਦੇਸ਼ਾਂ ਵਿਚ ਹਰੇਕ ਧਰਮਾਂ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੇਖ ਕੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਤੇ 550ਵੇਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ।  ਉਨ੍ਹਾਂ ਕਿਹਾ ਇਹ ਬੱਸ ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਖਡੂਰ ਸਾਹਿਬ, ਗੋਇੰਦਵਾਲ ਸਾਹਿਬ ਤੋਂ ਹੁੰਦੀ ਹੋਈ ਸੁਲਤਾਨਪੁਰ ਲੋਧੀ ਜਾਵੇਗੀ, ਜਿਥੇ ਗੁਰਦਆਰਾ ਬੇਰ ਸਾਹਿਬ ਵਿਖੇ ਨਤਮਸਤਕ ਹੋਣਗੇ। ਉਨ੍ਹਾਂ ਕਿਹਾ ਇਸ ਤੋਂ ਬਾਅਦ ਮੁੰਬਈ ਜਾ ਕੇ ਬੱਸ ਨੂੰ ਪਾਣੀ ਵਾਲੇ ਜ਼ਹਾਜ ਰਾਹੀ ਕੈਨੇਡਾ ਭੇਜ ਦਿੱਤਾ ਜਾਵੇਗਾ।

ਹੋਰ ਖਬਰਾਂ »

ਹਮਦਰਦ ਟੀ.ਵੀ.