ਬਟਾਲਾ, 18 ਨਵੰਬਰ, ਹ.ਬ. :  ਸ਼ਹਿਰ ਦੇ ਮੁਰਗੀ ਮੁਹੱਲੇ ਦੇਰ ਰਾਤ ਗੋਲੀਆਂ ਚੱਲਣ ਕਾਰਨ ਭਾਜੜਾਂ ਪੈ ਗਈਆਂ। ਇੱਥੇ ਕਿਰਾਏ 'ਤੇ ਰਹਿ ਰਹੀ ਭਾਣਜੀ ਰੁਪਿੰਦਰ ਕੌਰ ਨੂੰ ਉਸ ਦੇ ਹੀ ਮਾਮੇ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਖੁਦ ਨੂੰ ਵੀ ਗੋਲੀ ਮਾਰ ਲਈ, ਜਿਸ ਵਿਚ ਮਾਮੇ ਮੇਜਰ ਸਿੰਘ ਦੀ ਮੌਤ ਹੋ ਗਈ। ਸੂਚਨਾ ਮਿਲਣ 'ਤੇ ਡੀਐਸਪੀ ਸਿਟੀ ਬੀਕੇ ਸਿੰਗਲਾ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਗੋਲੀ ਚਲਾਉਣ ਦੇ ਪਿੱਛੇ ਕੀ ਕਾਰਨ ਸੀ ਇਹ ਜਾਂਚ ਪੂਰੀ ਹੋਣ ਤੋਂ ਬਾਅਦ ਪਤਾ ਚਲ ਸਕੇਗਾ। ਉਧਰ, ਜ਼ਖ਼ਮੀ ਰੁਪਿੰਦਰ ਕੌਰ ਦੀ ਮਕਾਨ ਮਾਲਕਣ ਰਜਵੰਤ ਕੌਰ ਨੇ ਦੱਸਿਆ ਕਿ ਦੇਰ ਸ਼ਾਮ ਇੱਕ ਵਿਅਕਤੀ ਉਨ੍ਹਾਂ ਦੇ ਘਰ ਵਿਚ ਆਇਆ, ਜਿਸ ਨੇ ਹੱਥ ਵਿਚ ਦੋਨਾਲੀ ਫੜੀ ਹੋਈ ਸੀ। ਜਦ ਉਨ੍ਹਾਂ ਨੇ ਉਸ ਤੋਂ ਪੁਛਿਆ ਕਿ ਤੁਸੀਂ ਕੌਣ ਹੋ ਤਾਂ ਉਸ ਨੇ ਪਿੱਛੇ ਹਟਣ ਦੀ ਚਿਤਾਵਨੀ ਦਿੰਦੇ ਹੋਏ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਜਿਵੇਂ ਹੀ ਉਹ ਪਿੱਛੇ ਹਟੀ ਤਾਂ ਉਕਤ ਵਿਅਕਤੀ ਦੋਨਾਲੀ ਲੈ ਕੇ ਉਪਰ ਛੱਤ ਵੱਲ ਚਲਾ ਗਿਆ ਅਤੇ ਜਾਂਦੇ ਹੀ ਫਾਇਰ ਕਰ ਦਿੱਤਾ। ਫਾਇਰ ਦੀ ਆਵਾਜ਼ ਸੁਣ ਕੇ ਰਜਵੰਤ ਕੌਰ ਨੇ ਘਰ ਦਾ ਦਰਵਾਜ਼ਾ ਬਾਹਰ ਤੋਂ ਬੰਦ ਕਰ ਦਿੱਤਾ ਅਤੇ ਉਸ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਓਨੀ ਦੇਰ ਵਿਚ ਦੋ ਹੋਰ ਗੋਲੀਆਂ ਚਲਣ ਦੀ ਆਵਾਜ਼ ਸੁਣੀ। ਮੌਕੇ 'ਤੇ ਪੁੱਜੀ ਪੁਲਿਸ ਨੇ ਜਾ ਕੇ ਦੇਖਿਆ ਤਾਂ ਮਾਮਾ ਮੇਜਰ ਸਿੰਘ ਅਤੇ ਭਾਣਜੀ ਰੁਪਿੰਦਰ ਕੌਰ ਲਹੂ ਲੁਹਾਣ ਹਾਲਤ ਵਿਚ ਥੱਲੇ ਡਿੱਗੇ ਪਏ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.