ਉਨਟਾਰੀਓ ਅਤੇ ਕਿਊਬਿਕ ਵਿਚ ਸਭ ਤੋਂ ਵੱਧ ਬਰਫ਼ਬਾਰੀ ਦੀ ਭਵਿੱਖਬਾਣੀ

ਟੋਰਾਂਟੋ, 18 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਸਰਦ ਰੁੱਤ ਦੇ ਰਸਮੀ ਆਗਾਜ਼ ਤੋਂ ਪਹਿਲਾਂ ਹੀ ਠੰਢ ਨੇ ਰਿਕਾਰਡ ਤੋੜਨੇ ਸ਼ੁਰੂ ਕਰ ਦਿਤੇ ਹਨ। ਐਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਉਨਟਾਰੀਓ ਦੇ ਮੂਜ਼ ਕ੍ਰੀਕ ਇਲਾਕੇ ਵਿਚ ਐਤਵਾਰ ਨੂੰ ਤਾਪਮਾਨ ਮਨਫ਼ੀ 20.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਇਲਾਕਾ ਕੈਨੇਡਾ ਦੀ ਕੌਮੀ ਰਾਜਧਾਨੀ ਔਟਵਾ ਤੋਂ 70 ਕਿਲੋਮੀਟਰ ਦੂਰ ਹੈ ਅਤੇ ਇਥੇ ਨਵੰਬਰ ਵਿਚ ਪਹਿਲੀ ਵਾਰ ਤਾਪਮਾਨ ਐਨਾ ਹੇਠਾਂ ਡਿੱਗਿਆ। ਦੂਜੇ ਪਾਸੇ ਔਟਵਾ ਵਿਖੇ ਪੂਰਾ ਹਫ਼ਤਾ ਹੀ ਰਿਕਾਰਡ ਟੁਟਦੇ ਰਹੇ। ਕੌਮੀ ਰਾਜਧਾਨੀ ਵਿਚ ਐਤਵਾਰ ਨੂੰ ਤਾਪਮਾਨ ਮਨਫ਼ੀ 13.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਿਸ ਨੇ 1980 ਵਿਚ ਬਣਿਆ ਰਿਕਾਰਡ ਤੋੜ ਦਿਤਾ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ, ਬੁੱਧਵਾਰ ਅਤੇ ਸ਼ਨਿੱਚਰਵਾਰ ਨੂੰ ਵੀ ਠੰਢ ਨੇ ਪੁਰਾਣੇ ਰਿਕਾਰਡ ਤੋੜ ਦਿਤੇ। ਮੌਸਮ ਵਿਭਾਗ ਮੁਤਾਬਕ ਨਿਊ ਬ੍ਰਨਜ਼ਵਿਕ ਦੇ ਕੁਝ ਹਿੱਸਿਆਂ ਵਿਚ ਵੀ ਸ਼ਨਿੱਚਰਵਾਰ ਨੂੰ ਤਾਪਮਾਨ ਬੇਹੱਦ ਹੇਠਾਂ ਚਲਾ ਗਿਆ।

ਹੋਰ ਖਬਰਾਂ »