ਕਮਸ਼ੀਅਲ ਪਾਇਲਟ ਦੀ ਟ੍ਰੇਨਿੰਗ ਲੈ ਰਿਹਾ ਸੀ ਸ੍ਰੀਕੁਮਾਰ

ਔਕਲੈਂਡ, 25 ਨਵੰਬਰ (ਵਿਸ਼ੇਸ਼ ਪ੍ਰਤੀਨਿਧ) : ਨਿਊਜ਼ੀਲੈਂਡ ਵਿਖੇ ਇਕ ਹਵਾਈ ਹਾਦਸੇ ਦੌਰਾਨ ਭਾਰਤ ਨਾਲ ਸਬੰਧਤ ਸਿਖਾਂਦਰੂ ਪਾਇਲਟ ਦੀ ਮੌਤ ਹੋ ਗਈ। ਟ੍ਰੇਨਿੰਗ ਲੈ ਰਹੇ ਪਾਇਲਟ ਦੀ ਪਛਾਣ ਰਾਮਪ੍ਰਕਾਸ਼ ਸ੍ਰੀਕੁਮਾਰ ਵਜੋਂ ਕੀਤੀ ਗਈ ਹੈ ਜੋ ਭਾਰਤ ਦੇ ਤਾਮਿਲਨਾਡੂ ਸੂਬੇ ਨਾਲ ਸਬੰਧਤ ਸੀ। 23 ਸਾਲ ਦਾ ਰਾਮਪ੍ਰਕਾਸ਼ ਕ੍ਰਾਈਸਚਰਚ ਦੇ ਇਕ ਪਾਇਲਟ ਸਕੂਲ ਵਿਚ ਕਮਰਸ਼ੀਅਲ ਪਾਇਲਟ ਵਜੋਂ ਸਿਖਲਾਈ ਲੈ ਰਿਹਾ ਸੀ। ਬੀਤੇ ਸ਼ੁੱਕਰਵਾਰ ਨੂੰ ਉਹ ਰੋਜ਼ਾਨਾ ਵਾਂਗ ਛੋਟਾ ਹਵਾਈ ਜਹਾਜ਼ ਲੈ ਕੇ ਰਵਾਨਾ ਹੋਇਆ ਪਰ ਅਚਾਨਕ ਆਈ ਕਿਸੇ ਖ਼ਰਾਬੀ ਕਾਰਨ ਜਹਾਜ਼ ਝੀਲ ਕਿਨਾਰੇ ਆ ਡਿੱਗਿਆ। ਕੈਂਟਰਬੀ ਐਰੋ ਕਲੱਬ ਦੇ ਮੁੱਖ ਕਾਰਜਕਾਰੀ ਅਫ਼ਸਰ ਜੈਰੇਮੀ ਫ਼ੋਰਡ ਨੇ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ੍ਰੀਕੁਮਾਰ ਦੀ ਮੌਤ ਨੇ ਸਮੁੱਚੀ ਕਮਿਊਨਿਟੀ ਨੂੰ ਝੰਜੋੜ ਕੇ ਰੱਖ ਦਿਤਾ। ਉਨ•ਾਂ ਦੱਸਿਆ ਕਿ ਸ੍ਰੀਕੁਮਾਰ ਨੇ ਇਕ ਸਾਲ ਪਹਿਲਾਂ ਪਾਇਲਟ ਸਕੂਲ ਵਿਚ ਦਾਖ਼ਲਾ ਲਿਆ ਸੀ ਅਤੇ ਉਹ ਜਲਦ ਹੀ ਕਮਰਸ਼ੀਅਲ ਪਾਇਲਟ ਬਣ ਕੇ ਭਾਰਤ ਦੀ ਕਿਸੇ ਏਅਰਲਾਈਨ ਵਿਚ ਸ਼ਾਮਲ ਹੋਣ ਦੀ ਯੋਜਨਾ ਬਣਾ ਰਿਹਾ ਸੀ। ਆਪਣੇ ਦੋਸਤਾਂ ਵਿਚ ਬੇਹੱਦ ਮਕਬੂਲ ਸ੍ਰੀਕੁਮਾਰ ਦੀ ਬੇਵਕਤੀ ਮੌਤ ਨਾਲ ਕਦੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ। ਸ੍ਰੀਕੁਮਾਰ ਦੇ ਮਾਪੇ ਤਾਮਿਲਨਾਡੂ ਦੇ ਸ੍ਰੀਵਿਲੀਪੁੱਥਰ ਕਸਬੇ ਵਿਚ ਰਹਿੰਦੇ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.