ਨਵੀਂ ਦਿੱਲੀ, 26 ਨਵੰਬਰ, ਹ.ਬ. :  ਨਵੀਂ ਦਿੱਲੀ ਦੇ ਮੇਜਰ ਧਿਆਨ ਚੰਦ ਹਾਕੀ ਸਟੇਡੀਅਮ ਵਿਚ ਖੇਡੇ ਗਏ ਸੀਨੀਅਰ ਨਹਿਰੂ ਹਾਕੀ ਕੱਪ ਦੇ ਫਾਈਨਲ ਮੈਚ ਵਿਚ ਪੰਜਾਬ ਪੁਲਿਸ ਦੇ ਹਾਕੀ ਖਿਡਾਰੀ ਤੇ ਪੰਜਾਬ ਨੈਸ਼ਨਲ ਬੈਂਕ ਦੇ ਖਿਡਾਰੀ ਆਪਸ ਵਿਚ ਲੜ ਪਏ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਚ ਵਾਇਰਲ ਹੋ ਗਈ।
ਝਗੜਾ ਉਸ ਸਮੇਂ ਸ਼ੁਰੂ ਹੋਇਆ ਜਦੋਂ ਦੋਵੇਂ ਟੀਮਾਂ 3-3 ਨਾਲ ਬਰਾਬਰੀ  'ਤੇ ਸਨ ਅਤੇ ਗੇਂਦ ਪੰਜਾਬ ਪੁਲਿਸ ਦੇ ਸਰਕਲ ਵਿਚ ਪੀ.ਐਨ.ਬੀ ਦੇ ਕੋਲ  ਸੀ। ਖਿਡਾਰੀਆਂ ਨੇ ਮੈਦਾਨ 'ਤੇ ਹੀ ਇੱਕ ਦੂਜੇ 'ਤੇ ਹਾਕੀਆਂ ਅਤੇ ਮੁੱਕੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ।
ਇਸ ਤੋਂ ਬਾਅਦ ਟੂਰਨਾਮੈਂਟ ਦੇ ਅਧਿਕਾਰੀਆਂ ਨੇ ਬਚਾਅ ਕਰਨ ਦੀ ਕੋਸ਼ਿਸ਼ ਕੀਤੀ। ਖੇਡ ਕੁਝ ਦੇਰ ਤੱਕ ਰੋਕੀ ਗਈ ਜਿਸ ਤੋਂ ਬਾਅਦ ਦੋਵਾਂ ਟੀਮਾਂ ਦੇ 8-8 ਖਿਡਾਰੀਆਂ ਦੇ ਨਾਲ ਮੈਚ ਅੱਗੇ ਸ਼ੁਰੂ ਹੋਇਆ। ਦੋਵਾਂ ਟੀਮਾਂ ਦੇ ਤਿੰਨ-ਤਿੰਨ ਖਿਡਾਰੀਆਂ ਨੂੰ ਲਾਲ ਕਾਰਡ ਦਿਖਾਇਆ। ਇਸ ਤੋਂ ਇਲਾਵਾ ਪੰਜਾਬ ਪੁਲਿਸ ਦੇ ਮੈਨੇਜਰ ਨੂੰ ਵੀ ਅਪਣੇ ਖਿਡਾਰੀਆਂ ਨੂੰ  ਉਕਸਾਉਣ ਦੇ ਲਈ ਲਾਲ ਕਾਰਡ ਮਿਲਿਆ। ਪੀ.ਐਨ.ਬੀ. ਨੇ ਅਖੀਰ ਵਿਚ ਇਹ ਮੈਚ 6-3  ਨਾਲ ਜਿੱਤਿਆ।
ਹਾਕੀ ਇੰਡੀਆ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਤੇ ਟੂਰਨਾਮੈਂਟ ਦੇ ਨਿਰਦੇਸ਼ਕ ਮਹੇਸ਼ ਕੁਮਾਰ ਨੂੰ ਵਿਸਥਾਰ ਸਹਿਤ ਰਿਪੋਰਟ ਦੇਣ ਦੇ ਲਈ ਕਿਹਾ ਹੈ। ਹਾਕੀ ਇੰਡੀਆ ਦੀ ਸੀਈਓ ਈਲੇਨਾ ਨੋਰਮਨ ਨੇ ਕਿਹਾ ਕਿ ਅਸੀਂ ਟੂਰਨਾਮੈਂਟ ਦੇ ਅਧਿਕਾਰੀਆਂ ਕੋਲੋਂ ਅਧਿਕਾਰਤ ਰਿਪੋਰਟ ਦੀ ਉਡੀਕ ਕਰ ਰਹੇ ਹਨ। ਇਸ ਦੇ ਆਧਾਰ 'ਤੇ ਹਾਕੀ ਇੰਡੀਆ ਜ਼ਰੂਰੀ ਕਾਰਵਾਈ ਕਰੇਗੀ।
ਭਾਰਤ ਓਲੰਪਿਕ ਸੰਘ ਦੇ ਪ੍ਰਧਾਨ ਨਰਿੰਦਰ ਬੱਤਰਾ ਨੇ ਵੀ ਹਾਕੀ ਇੰਡੀਆ ਤੋਂ ਇਸ ਘਟਨਾ ਵਿਚ ਸ਼ਾਮਲ ਖਿਡਾਰੀਆਂ ਤੇ ਅਧਿਕਾਰੀਆਂ ਖ਼ਿਲਾਫ਼ ਸ਼ਖਤ ਕਾਰਵਾਈ ਕਰਨ ਦੇ ਲਈ ਕਿਹਾ ਹੈ। ਬੱਤਰਾਂ ਅੰਤਰਰਾਸ਼ਟਰੀ ਹਾਕੀ ਮਹਾਂਸੰਘ ਦੇ ਮੁਖੀ ਵੀ ਹਨ। ਉਸ ਨੇ ਕਿਹਾ ਕਿ ਮੈਂ ਹਾਕੀ ਇੰਡੀਆ ਕੋਲੋਂ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ।

ਹੋਰ ਖਬਰਾਂ »

ਹਮਦਰਦ ਟੀ.ਵੀ.