'ਨੌਰਥ ਅਮੈਰੀਕਨ ਪਾਵਰਲਿਫ਼ਟਿੰਗ ਚੈਂਪੀਅਨਸ਼ਿਪ' ਵਿੱਚ ਮਾਰੀ ਬਾਜ਼ੀ

ਪਨਾਮਾ (ਫਲੋਰਿਡਾ), 29 ਨਵੰਬਰ (ਹਮਦਰਦ ਨਿਊਜ਼ ਸਰਵਿਸ) ਅਮਰੀਕਾ ਦੇ ਸੂਬੇ ਫਲੋਰਿਡਾ ਅਧੀਨ ਪੈਂਦੇ ਸ਼ਹਿਰ ਪਨਾਮਾ ਵਿੱਚ ਹੋਈ 'ਨੌਰਥ ਅਮੈਰੀਕਨ ਪਾਵਰਲਿਫ਼ਟਿੰਗ ਚੈਂਪੀਅਨਸ਼ਿਪ' ਵਿੱਚ ਭਾਰਤੀ ਮੂਲ ਦੇ ਕੈਨੇਡੀਅਨ ਸੁਮੀਤ ਸ਼ਰਮਾ ਨੇ ਜਿੱਤ ਦਰਜ ਕਰਦੇ ਹੋਏ ਕੈਨੇਡਾ ਲਈ ਗੋਲਡ ਮੈਡਲ ਹਾਸਲ ਕੀਤਾ ਹੈ।
ਇਹ ਚੈਂਪੀਅਨਸ਼ਿਪ ਅਕਤੂਬਰ ਮਹੀਨੇ ਵਿੱਚ ਕਰਵਾਈ ਗਈ, ਜਿਸ ਵਿੱਚ ਸੁਮੀਤ ਸ਼ਰਮਾ ਨੇ ਜਿੱਤ ਦਾ ਝੰਡਾ ਗੱਡਿਆ। ਭਾਰਤੀ ਮੂਲ ਦਾ ਕੈਨੇਡੀਅਨ ਸੁਮੀਤ ਸ਼ਰਮਾ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦਾ ਹੈ ਅਤੇ ਉਹ ਪਿਛਲੇ 6 ਸਾਲ ਤੋਂ 'ਬੀਸੀ ਕੌਰੈਕਸ਼ਨਜ਼' ਵਿੱਚ ਕੰਮ ਕਰ ਰਿਹਾ ਹੈ। ਉਸ ਨੇ ਕਵਾਂਟਲੇਨ ਪੋਲੀਟੈਕਨਿਕ ਯੂਨੀਵਰਸਿਟੀ ਤੋਂ ਕ੍ਰਿਮੀਨਾਲੋਜੀ (ਅਪਰਾਧ ਵਿਗਿਆਨ) ਵਿੱਚ ਡਿਗਰੀ ਕੀਤੀ ਹੈ।
ਪਾਵਰਲਿਫਟਿੰਗ ਇੱਕ ਤਾਕਤ ਦਿਖਾਉਣ ਵਾਲੀ ਖੇਡ ਹੈ, ਜਿਸ ਦੇ ਤਿੰਨ ਭਾਗ ਸਕੁਐਟ, ਬੈਂਚ ਪ੍ਰੈਸ ਅਤੇ ਡੈੱਡਲਿਫ਼ਟ ਹਨ। ਸੁਮੀਤ ਨੇ ਬੈਂਚ ਪ੍ਰੈਸ ਮੁਕਾਬਲੇ ਵਿੱਚ 370 ਪੌਂਡ ਵਜ਼ਨ ਚੁੱਕਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ। ਉਹ 2016 ਤੋਂ ਪਾਵਰਲਿਫਟਿੰਗ ਦੇ ਮੁਕਾਬਲਿਆਂ ਵਿੱਚ ਭਾਗ ਲੈਂਦਾ ਆ ਰਿਹਾ ਹੈ। ਉਸ ਨੇ ਵੈਸਟਰਨ ਪਾਵਰਲਿਫਟਿੰਗ ਚੈਂਪੀਅਨਸ਼ਿਪ ਵਿੱਚ ਵੀ 2017 ਅਤੇ 2018 ਵਿੱਚ ਦੋ ਗੋਲਡ ਜਿੱਤੇ ਹਨ।

ਹੋਰ ਖਬਰਾਂ »