ਅੰਬਾਲਾ, 30 ਨਵੰਬਰ, ਹ.ਬ. : ਅੰਬਾਲਾ ਸ਼ਹਿਰ 'ਚ ਵੀਰਵਾਰ ਰਾਤ ਕਰੀਬ 1 ਵਜੇ ਹੋਏ ਇਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਹਾਦਸਾ ਸੈਂਟਰਲ ਜੇਲ੍ਹ ਨੇੜੇ ਸਥਿਤ ਪੁਲ਼ 'ਤੇ ਹੋਇਆ, ਜਦੋਂ ਲੁਧਿਆਣਾ ਦੀ ਇਕ ਪੇਂਟ ਫੈਕਟਰੀ ਦੇ ਮਾਲਕ ਦਾ ਪੁੱਤਰ ਆਪਣੇ ਤਿੰਨ ਸਾਥੀਆਂ ਨਾਲ ਲੁਧਿਆਣਾ ਤੋਂ ਦੇਹਰਾਦੂਨ ਜਾ ਰਿਹਾ ਸੀ। ਅਚਾਨਕ ਇਨ੍ਹਾਂ ਦੀ ਕਾਰ ਪੁਲ਼ ਦੇ ਡਿਵਾਈਡਰ ਨਾਲ ਟਕਰਾ ਗਈ ਤੇ ਇਸ ਤੋਂ ਪਹਿਲਾਂ ਕਿ ਸੰਭਲਦੇ, ਪਿੱਛਿਓਂ ਇਕ ਟਰੱਕ ਨੇ ਟੱਕਰ ਮਾਰ ਦਿੱਤੀ। ਟਕਰਾਅ ਦੀ ਆਵਾਜ਼ ਸੁਣ ਕੇ ਬਲਦੇਵ ਨਗਰ ਪੁਲਿਸ ਮੌਕੇ 'ਤੇ ਪਹੁੰਚੀ। ਚਾਰਾਂ ਮ੍ਰਿਤਕਾਂ ਦੀਆਂ ਲਾਸ਼ਾਂ ਸਿਵਲ ਹਸਪਤਾਲ ਅੰਬਾਲਾ 'ਚ ਰੱਖਵਾ ਦਿੱਤੀਆਂ ਗਈਆਂ ਹਨ, ਉੱਥੇ ਹੀ ਪੁਲਿਸ ਨੇ ਟਰੱਕ ਚਾਲਕ  ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕਾਂ 'ਚ ਇਕ ਲੁਧਿਆਣਾ ਦੀ ਬਾਂਸਲ ਪੇਂਟ ਫੈਕਟਰੀ ਦੇ ਮਾਲਕ ਦਾ ਪੁੱਤਰ ਦੀਪਕ ਸੀ, ਉੱਥੇ ਹੀ ਤਿੰਨ ਹੋਰਨਾਂ ਦੀ ਪਛਾਣ ਅੰਸ਼ੁਲ, ਅਰਵਿੰਦ ਤੇ ਸੰਜੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੀਪਕ ਬਾਂਸਲ ਦੇਰ ਰਾਤ ਆਪਣੇ ਸਾਥੀਆਂ ਨਾਲ ਲੁਧਿਆਣਾ ਤੋਂ ਦੇਹਰਾਦੂਨ ਜਾ ਰਿਹਾ ਸੀ। ਕਰੀਬ 1 ਵਜੇ ਨੈਸ਼ਨਲ ਹਾਈਵੇ ਨੰਬਰ 1 'ਤੇ ਇਨ੍ਹਾਂ ਦੀ ਸਵਿਫਟ ਕਾਰ ਅੰਬਾਲਾ ਸ਼ਹਿਰ ਸਥਿਤ ਜੇਲ੍ਹ ਪੁਲ਼ ਦੇ ਡਿਵਾਈਡਰ ਨਾਲ ਟਕਰਾ ਗਈ ਤੇ ਪਿੱਛਿਓਂ ਆ ਰਹੇ ਟਰੱਕ ਨੇ ਉਸ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਟਰੱਕ 'ਚ ਫਸ ਗਈ। ਹਾਦਸੇ 'ਚ ਕਾਰ ਸਵਾਰ ਚਾਰਾਂ ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਜਿਸ ਦਾ ਪਤਾ ਉਦੋਂ ਚੱਲਿਆ ਜਦੋਂ ਟੱਕਰ ਹੋਣ ਕਾਰਨ ਹੋਏ ਧਮਾਕੇ ਤੋਂ ਬਾਅਦ ਬਲਦੇਵ ਨਗਰ ਪੁਲਿਸ ਦਾ ਗਸ਼ਤੀ ਦਲ ਮੌਕੇ 'ਤੇ ਪਹੁੰਚਿਆ। ਉਨ੍ਹਾਂ ਕ੍ਰੇਨ ਮੰਗਵਾ ਕੇ ਟਰੱਕ ਹੇਠਾਂ ਫਸੀ ਕਾਰ ਬਾਹਰ ਕਢਵਾਈ। ਕਾਰ ਸਵਾਰ ਚਾਰਾਂ ਲੋਕਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਫਸੀਆਂ ਹੋਣ ਕਾਰਨ ਨੁਕਸਾਨੀਆਂ ਜਾ ਚੁੱਕੀਆਂ ਸਨ, ਜਿਨ੍ਹਾਂ ਨੂੰ ਕਟਰ ਦੀ ਮਦਦ ਨਾਲ ਕੱਟ ਕੇ ਬਾਹਰ ਕੱਢਿਆ ਗਿਆ। ਇਸ ਬਾਰੇ ਜਾਂਚ ਅਧਿਕਾਰੀ ਸਤੇਂਦਰ ਕੁਮਾਰ ਨੇ ਦੱਸਿਆ ਕਿ ਦੇਰ ਰਾਤ ਕਰੀਬ 1 ਵਜੇ ਇੱਥੇ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਕਢਵਾਉਣ ਤੋਂ ਬਾਅਦ ਪੋਸਟਮਾਰਟਮ ਲਈ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ਪਹੁੰਚਾਇਆ, ਉੱਥੇ ਹੀ ਮ੍ਰਿਤਕਾਂ ਦੇ ਮੋਬਾਈਲ ਤੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਇਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.