ਪਰਵਾਰ ਸਮੇਤ ਫ਼ਰਾਰ ਹੋਇਆ ਲਾੜਾ

ਅੰਮ੍ਰਿਤਸਰ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਵਿਆਹ ਦੀਆਂ ਤਿਆਰੀਆਂ ਹੋ ਚੁੱਕੀਆਂ ਸਨ ਅਤੇ ਸ਼ਗਨਾਂ ਦੀ ਮਹਿੰਦੀ ਲੱਗ ਰਹੀ ਸੀ ਪਰ ਲਾੜਾ ਅਤੇ ਉਸ ਦਾ ਪਰਵਾਰ ਘਰ ਨੂੰ ਜਿੰਦੇ ਜੜ ਕੇ ਫ਼ਰਾਰ ਹੋ ਗਿਆ। ਦੂਜੇ ਪਾਸੇ ਲੜਕੀ ਅਤੇ ਉਸ ਦੇ ਪਰਵਾਰਕ ਮੈਂਬਰ ਦੁਪਹਿਰ ਤੱਕ ਬਰਾਤ ਦੀ ਉਡੀਕ ਕਰਦੇ ਰਹੇ ਅਤੇ ਜਦੋਂ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਮੁੰਡਾ ਵਿਆਹ ਵਾਸਤੇ ਰਾਜ਼ੀ ਨਹੀਂ। ਹੁਣ ਲੜਕੀ ਦਾ ਪਰਵਾਰ ਪੁਲਿਸ ਥਾਣੇ ਦੇ ਗੇੜੇ ਲਾ ਰਿਹਾ ਹੈ। ਲੜਕੀ ਨੇ ਦੱਸਿਆ ਕਿ ਮੋਹਿਤ ਨਾਂ ਦਾ ਨੌਜਵਾਨ 4 ਸਾਲ ਤੋਂ ਉਸ ਨੂੰ ਵਿਆਹ ਦਾ ਲਾਰਾ ਲਾ ਰਿਹਾ ਸੀ। ਛੇ ਮਹੀਨੇ ਪਹਿਲਾਂ ਲੜਕੀ ਦੀ ਮਾਂ ਰਿਸ਼ਤਾ ਲੈ ਕੇ ਗਈ ਤਾਂ ਮੋਹਿਤ ਦੇ ਮਾਪਿਆਂ ਨੇ ਵਿਆਹ ਤੋਂ ਸਾਫ਼ ਨਾਂਹ ਕਰ ਦਿਤੀ। ਮਾਮਲਾ ਪੁਲਿਸ ਕੋਲ ਗਿਆ ਤਾਂ ਮੋਹਿਤ ਦੇ ਮਾਪੇ ਵਿਆਹ ਵਾਸਤੇ ਮੰਨ ਗਏ। ਦੋਹਾਂ ਧਿਰਾਂ ਨੇ ਸਹਿਮਤੀ ਨਾਲ ਵਿਆਹ ਵਾਸਤੇ 30 ਨਵੰਬਰ ਦਾ ਦਿਨ ਤੈਅ ਕਰ ਲਿਆ। ਵਿਆਹ ਦੀਆਂ ਰਸਮਾਂ ਸੁਲਤਾਨਵਿੰਡ ਰੋਡ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਚ ਹੋਣੀਆਂ ਸਨ ਪਰ ਸਭ ਕੁਝ ਧਰਿਆ-ਧਰਾਇਆ ਰਹਿ ਗਿਆ। ਲੜਕੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਮੋਹਿਤ ਦੀ ਭੈਣ ਪੱਲਵੀ ਨੇ ਉਸ ਨੂੰ ਮੋਹਿਤ ਨਾਲ ਮਿਲਵਾਇਆ ਸੀ ਅਤੇ ਦੋਵੇਂ ਇਕ-ਦੂਜੇ ਨੂੰ ਪਸੰਦ ਕਰਨ ਲੱਗੇ। ਹੁਣ ਵਿਆਹ ਤੋਂ ਐਨ ਪਹਿਲਾਂ ਮੋਹਿਤ ਪਰਵਾਰ ਸਮੇਤ ਫ਼ਰਾਰ ਹੋ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.