ਟੋਰਾਂਟੋ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਟੋਰਾਂਟੋ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਐਤਵਾਰ ਨੂੰ ਭਾਰੀ ਬਰਫ਼ਬਾਰੀ ਹੋਣ ਅਤੇ ਤੇਜ਼ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕਰਦਿਆਂ ਲੋਕਾਂ ਨੂੰ ਆਵਾਜਾਈ ਦੌਰਾਨ ਸੁਚੇਤ ਰਹਿਣ ਦਾ ਸੁਝਾਅ ਜਾਰੀ ਕੀਤਾ ਗਿਆ ਹੈ। ਐਨਵਾਇਰਨਮੈਂਟ ਕੈਨੇਡਾ ਮੁਤਾਬਕ ਬਰੈਂਪਟਨ ਅਤੇ ਮਿਸੀਸਾਗਾ ਵਿਚ ਜਮਾਅ ਦੇਣ ਵਾਲੀ ਬਾਰਸ਼ ਜਾਂ ਗੜ•ੇਮਾਰੀ ਹੋ ਸਕਦੀ ਹੈ। ਐਨਵਾਇਰਨਮੈਂਟ ਕੈਨੇਡਾ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਕੁਝ ਇਲਾਕਿਆਂ ਵਿਚ 10 ਸੈਂਟੀਮੀਟਰ ਤੱਕ ਬਰਫ਼ ਡਿੱਗ ਸਕਦੀ ਹੈ ਅਤੇ ਸੜਕਾਂ 'ਤੇ ਹਾਲਾਤ ਬਦਤਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮੌਸਮ ਵਿਭਾਗ ਨੇ ਕਿਹਾ ਕਿ ਘੱਟ ਦਬਾਅ ਵਾਲਾ ਖੇਤਰ ਉਤਪੰਨ ਹੋਣ ਕਾਰਨ ਬਰਫ਼ਬਾਰੀ ਜਾਂ ਬਾਰਸ਼ ਦਾ ਸਿਲਸਿਲਾ ਐਤਵਾਰ ਰਾਤ ਅਤੇ ਸੋਮਵਾਰ ਸਵੇਰੇ ਵੀ ਜਾਰੀ ਰਹਿ ਸਕਦਾ ਹੈ। ਇਸ ਦੌਰਾਨ 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਧੁੰਦਲਕਾ ਪੈਦਾ ਕਰ ਦੇਣਗੀਆਂ ਅਤੇ ਸੜਕਾਂ 'ਤੇ ਵਿਜ਼ੀਬਿਲਟੀ ਬੇਹੱਦ ਘਟ ਜਾਵੇਗੀ। ਬਰਫ਼ੀਲੇ ਤੂਫ਼ਾਨ ਕਾਰਨ ਪੈਦਾ ਹੋਣ ਵਾਲੇ ਹਾਲਾਤ ਨਾਲ ਨਜਿੱਠਣ ਲਈ ਟੋਰਾਂਟੋ ਅਤੇ ਜੀ.ਟੀ.ਏ. ਦੀਆਂ ਮਿਊਂਸਪੈਲਟੀਜ਼ ਨੇ ਕਮਰ ਕਸ ਲਈ ਹੈ। ਬਰਫ਼ ਹਟਾਉਣ ਅਤੇ ਲੂਣ ਵਿਛਾਉਣ ਵਾਲੇ ਟਰੱਕ ਤੈਨਾਤ ਕਰ ਦਿਤੇ ਗਏ ਹਨ। ਉਧਰ ਯਾਰਕ ਰੀਜਨ ਵਿਚ ਵੀ ਲੋਕਾਂ ਨੂੰ ਸੜਕਾਂ ਤੋਂ ਲੰਘਣ ਸਮੇਂ ਸਬਰ ਰੱਖਣ ਦੀ ਅਪੀਲ ਕੀਤੀ ਗਈ ਹੈ। ਉਧਰ ਅਮਰੀਕਾ ਦੇ ਕੋਲੋਰਾਡੋ ਸੂਬੇ ਵਿਚ ਬਰਫ਼ੀਲੇ ਤੂਫ਼ਾਨ ਕਾਰਨ ਆਮ ਜੀਵਨ ਬੁਰੀ ਤਰ•ਾਂ ਪ੍ਰਭਾਵਤ ਹੋਇਆ। ਡੈਨਵਰ ਸ਼ਹਿਰ ਵਿਚ ਐਨੀ ਜ਼ਿਆਦਾ ਬਰਫ਼ਬਾਰੀ ਤਕਰੀਬਨ 40 ਸਾਲ ਪਹਿਲਾਂ ਦਰਜ ਕੀਤੀ ਗਈ ਸੀ। ਸ਼ਹਿਰ ਦੇ ਬਜ਼ੁਰਗ ਡੇਵਿਸ ਓ ਕੌਨਰ ਨੇ ਦੱਸਿਆ ਕਿ ਕਈ ਦਹਾਕਿਆਂ ਮਗਰੋਂ ਸ਼ਹਿਰ ਦੀਆਂ ਸੜਕਾਂ 'ਤੇ ਬਰਫ਼ ਹੀ ਬਰਫ਼ ਦਿਖਾਈ ਦਿਤੀ। ਭਾਵੇਂ ਬਰਫ਼ ਹਟਾਉਣ ਦਾ ਕੰਮ ਨਾਲੋ-ਨਾਲ ਚਲਦਾ ਰਿਹਾ ਪਰ ਫਿਰ ਵੀ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.