ਟੋਰਾਂਟੋ ਅਤੇ ਮਿਸੀਸਾਗਾ ਵਿਚ ਕਈ ਮਕਾਨਾਂ ਉਪਰ ਗੋਲੀਬਾਰੀ

ਬਰੈਂਪਟਨ/ਟੋਰਾਂਟੋ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਬਰੈਂਪਟਨ ਵਿਖੇ  ਸ਼ਨਿੱਚਰਵਾਰ ਸ਼ਾਮ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਟੋਰਾਂਟੋ ਅਤੇ ਮਿਸੀਸਾਗਾ ਵਿਚ ਗੋਲੀਬਾਰੀ ਦੀਆਂ ਚਾਰ ਵੱਖ-ਵੱਖ ਵਾਰਦਾਤਾਂ ਦੌਰਾਨ ਕਈ ਮਕਾਨਾਂ ਅਤੇ ਇਕ ਕਾਰ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਿਸ ਨੇ ਦੱਸਿਆ ਕਿ ਬੋਵੇਅਰਡ ਡਰਾਈਵ ਈਸਟ ਅਤੇ ਕੌਨੈਸਟੋਗਾ ਡਰਾਈਵ ਨੇੜੇ ਗੋਲੀਆਂ ਚੱਲਣ ਦੀ ਇਤਲਾਹ ਮਿਲੀ ਸੀ। ਜਦੋਂ ਪੁਲਿਸ ਅਫ਼ਸਰ ਮੌਕੇ 'ਤੇ ਪੁੱਜੇ ਤਾਂ ਇਕ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲਿਆ। ਉਸ ਨੂੰ ਮੁਢਲੀ ਸਹਾਇਤਾ ਦਿਤੀ ਗਈ ਪਰ ਬਾਅਦ ਵਿਚ ਮੌਕੇ 'ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ। ਕਾਂਸਟੇਬਲ ਬੈਨਕਰੌਫ਼ਟ ਰਾਈਟ ਨੇ ਦੱਸਿਆ ਕਿ ਇਕ ਹਲਕੇ ਰੰਗ ਦੀ ਗੱਡੀ ਨੂੰ ਇਲਾਕੇ ਵਿਚੋਂ ਫ਼ਰਾਰ ਹੁੰਦਿਆਂ ਵੇਖਿਆ ਗਿਆ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਦੂਜੇ ਪਾਸੇ ਟੋਰਾਂਟੋ ਅਤੇ ਮਿਸੀਸਾਗਾ ਵਿਚ ਗੋਲੀਬਾਰੀ ਦੀਆਂ ਚਾਰ ਵਾਰਦਾਤਾਂ ਦੌਰਾਨ ਕਈ ਮਕਾਨਾਂ ਉਪਰ ਗੋਲੀਆਂ ਚਲਾਈਆਂ ਗਈਆਂ ਜਦਕਿ ਇਕ ਕਾਰ ਨੂੰ ਨਿਸ਼ਾਨਾ ਬਣਾਏ ਜਾਣ ਦੀ ਰਿਪੋਰਟ ਵੀ ਮਿਲੀ ਹੈ। ਪੁਲਿਸ ਮੁਤਾਬਕ ਗੋਲੀਬਾਰੀ ਦੀਆਂ ਇਨ•ਾਂ ਵਾਰਦਾਤਾਂ ਵਿਚ ਕੋਈ ਜ਼ਖ਼ਮੀ ਨਹੀਂ ਹੋਇਆ ਪਰ ਨੌਰਥ ਯਾਰਕ ਦੀ ਵਰਨਾ ਡਰਾਈਵ ਅਤੇ ਫ਼ਲੈਮਿੰਗਟਨ ਰੋਡ ਇਲਾਕੇ ਵਿਚ ਇਕ ਮਕਾਨ ਦੇ ਬਾਹਰ ਕਈ ਚੱਲੇ ਹੋਏ ਕਾਰਤੂਸ ਬਰਾਮਦ ਕੀਤੇ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.