ਅੰਮ੍ਰਿਤਸਰ, 4 ਦਸੰਬਰ, ਹ.ਬ. : ਅੱਜਕਲ੍ਹ ਦੇ ਮੁੰਡੇ ਕੁੜੀਆਂ ਵਿਚ ਕੈਨੇਡਾ ਜਾਣ ਦਾ ਕਰੇਜ਼ ਵਧਦਾ ਹੀ ਜਾ ਰਿਹਾ ਹੈ। ਚਾਹੇ ਉਹ ਸਿੱਧਾ ਤਰੀਕਾ ਹੋਵੇ ਚਾਹੇ ਪੁੱਠਾ ਕੈਨੇਡਾ ਜਾਣ ਦੀ ਤਾਂਘ ਉਨ੍ਹਾਂ ਵਿਚ ਵਧਦੀ ਹੀ ਜਾ ਰਹੀ ਹੈ। ਇਸੇ ਤਰ੍ਰਾਂ ਰਾਜਾਸਾਂਸੀ ਹਵਾਈ ਅੱਡੇ 'ਤੇ ਇਮੀਗਰੇਸ਼ਨ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਇੱਕ ਕੁੜੀ ਨੂੰ ਜਾਅਲੀ ਵੀਜ਼ੇ 'ਤੇ ਕੈਨਡਾ ਜਾਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ।
ਹਵਾਈ ਅੱਡਾ ਰਾਜਾਸਾਂਸੀ 'ਤੇ ਕੈਨੇਡਾ ਦੇ ਜਾਅਲੀ ਵੀਜ਼ੇ 'ਤੇ ਆਈ ਕਿਰਨਦੀਪ ਕੌਰ ਵਾਸੀ ਦਬੁਰਜੀ ਨੂੰ ਕਾਬੂ ਕਰ ਲਿਆ ਗਿਆ। ਇਮੀਗਰੇਸ਼ਨ ਅਧਿਕਾਰੀ ਨਿਰਮਲ ਵਾਸੂਦੇਵ ਨੇ ਜਦੋਂ ਉਕਤ ਲੜਕੀ ਕੋਲੋਂ ਪੁਛਗਿੱਛ ਕੀਤੀ ਤਾਂ ਜਾਂਚ ਦੌਰਾਨ ਕੈਨੇਡਾ ਦਾ ਵੀਜ਼ਾ ਜਾਅਲੀ ਪਾਇਆ ਗਿਆ। ਇਸ ਦੌਰਾਨ ਇਮੀਗਰੇਸ਼ਨ ਅਧਿਕਾਰੀਆਂ ਵਲੋਂ ਲੜਕੀ ਦਾ ਪਾਸਪੋਰਟ ਵੀ ਕਬਜ਼ੇ ਵਿਚ ਲੈ ਲਿਆ ਗਿਆ ਅਤੇ ਲੜਕੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ।
ਇਸ ਸਬੰਧ ਵਿਚ ਹਵਾਈ ਅੱਡਾ ਚੌਕੀ ਵਲੋਂ ਇਸ ਕੁੜੀ ਖ਼ਿਲਾਫ਼ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਮੀਗਰੇਸ਼ਨ ਅਧਿਕਾਰੀਆਂ ਵਲੋਂ ਕੀਤੀ ਗਈ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਗੁਰਦਾਸਪੁਰ ਦੇ ਪਿੰਡ ਦਬੁਰਜੀ ਦੀ ਇਹ ਕੁੜੀ ਜਾਅਲੀ ਵੀਜ਼ੇ 'ਤੇ ਕੈਨੇਡਾ ਜਾ ਰਹੀ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.