ਵਿੰਨੀਪੈਗ, 4 ਦਸੰਬਰ, ਹ.ਬ. : ਤੁਸੀਂ ਮੋਟਰ ਸਾਈਕਲ ਤੇ ਗੱਡੀਆਂ ਚੋਰੀ ਕਰਨ ਦੀਆਂ ਖ਼ਬਰਾਂ ਤਾਂ ਆਮ ਸੁਣੀਆਂ ਹੋਣਗੀਆਂ ਪਰ ਕੈਨੇਡਾ ਦੀ ਵਿੰਨੀਪੈਗ ਪੁਲਿਸ ਲਈ ਉਸ ਵੇਲੇ ਹਾਲਾਤ ਬੇਹੱਦ ਗੰਭੀਰ ਬਣ ਗਏ ਜਦੋਂ ਇਕ ਸਿਰਫਿਰੇ ਵਿਅਕਤੀ ਨੇ ਫਾਇਰ ਬ੍ਰਿਗੇਡ ਦਾ ਟਰੱਕ ਚੋਰੀ ਕਰ ਲਿਆ। ਜਦੋਂ ਵਿੰਨੀਪੈਗ ਫਾਇਰ ਅਤੇ ਪੈਰਾ ਮੈਡੀਕਲ ਸਰਵਿਸ ਦੇ ਅਧਿਕਾਰੀ ਅਪਣਾ ਚਲਦਾ ਟਰੱਕ ਛੱਡ ਕੇ ਇੱਕ ਆਪਾਤਕਾਲੀਨ ਸਥਿਤੀ ਨਾਲ ਨਜਿੱਠਣ ਲਈ ਜਾ ਰਹੇ ਸੀ। ਵਿੰਨੀਪੈਗ ਪੁਲਿਸ ਸਰਵਿਸ  ਦੇ ਬੁਲਾਰੇ ਰੌਬ ਕਾਰਵਰ ਨੇ ਕਿਹਾ ਕਿ ਟਰੱਕ ਚੋਰੀ ਦਾ ਪਤਾ ਲੱਗਣ ਉਪਰੰਤ ਪੁਲਿਸ ਹੈਲੀਕਾਪਟਰਾਂ ਸਣੇ ਦਰਜਨ ਦੇ ਕਰੀਬ ਪੁਲਿਸ ਦੀਆਂ ਗੱਡੀਆਂ ਨੇ ਅੱਗ ਬੁਝਾਊ ਟਰੱਕ ਦੀ ਭਾਲ ਸ਼ੁਰੂ ਕੀਤੀ ਜੋ ਕਿ ਸ਼ਹਿਰ ਦੇ ਦੱਖਣ ਵਾਲੇ ਪਾਸੇ ਤਕਰੀਬਨ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸ਼ਹਿਰੀ ਖੇਤਰ ਵਿਚ ਦਾਖਲ ਹੋ ਰਿਹਾ ਸੀ। ਪੁਲਿਸ ਵਲੋਂ ਸਪਾਈਕ ਬੈਲਟਾਂ ਦੀ ਮਦਦ ਨਾਲ ਵੀ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਸਫਲ ਨਾ ਹੋ ਸਕੇ। ਲਗਭਗ ਅੱਧੇ ਘੰਟੇ ਦੀ ਭਾਰੀ ਜੱਦੋ ਜਹਿਦ ਤੋਂ ਬਾਅਦ ਕਾਫੀ ਨੁਕਸਾਨ ਕਰਨ ਤੋਂ ਬਾਅਦ ਟਰੱਕ ਮਿਡਟਾਊਨ ਬ੍ਰਿਜ ਦੇ ਹੇਠਾਂ ਰੁਕ ਗਿਆ ਅਤੇ ਪੁਲਿਸ ਵਲੋਂ ਉਸ ਨੂੰ ਤੁਰੰਤ ਕਾਬੂ ਕਰ ਲਿਆ।
ਪੁਲਿਸ ਦਾ ਕਹਿਣਾ ਹੈ ਕਿ ਇਸ ਘਟਨਾ ਨੂੰ ਸੰਭਾਵਤ ਅੱਤਵਾਦੀ ਹਮਲੇ ਵਜੋਂ ਨਹੀਂ ਮੰਨਿਆ ਜਾ ਰਿਹਾ ਪਰ ਇਸ ਘਟਨਾ ਵਿਚ ਲੋਕਾਂ ਲਈ ਜਾਨ ਦਾ ਖ਼ਤਰਾ ਬਹੁਤ ਜ਼ਿਆਦਾ ਸੀ। ਕਾਬੂ ਕੀਤੇ ਵਿਅਕਤੀ ਦੀ ਪਛਾਣ 36 ਸਾਲਾ  ਫਰਮਾ  ਕੋਰੋਮਾ ਵਜੋਂ ਕੀਤੀ ਗਈ। ਉਸ 'ਤੇ ਵੱਖ ਵੱਖ ਜੁਰਮਾਂ ਤਹਿਤ ਮੁਕੱਦਮੇ ਦਰਜ ਕੀਤੇ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.