ਮੋਹਾਲੀ, 4 ਦਸੰਬਰ, ਹ.ਬ. :  ਮੋਹਾਲੀ ਪਿੰਡ 'ਚ ਬੀਤੀ ਦੇਰ ਰਾਤ ਕੁਝ ਨੌਜਵਾਨਾਂ ਵੱਲੋਂ ਸ਼ਰਾਬ ਪੀਣ ਦੌਰਾਨ ਹੋਏ ਆਪਸੀ ਝਗੜੇ ਵਿਚ ਵਿਸ਼ਾਲ ਉਰਫ ਟੀਪੂ ਨਾਮ ਦੇ ਨੌਜਵਾਨ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਉਮਰ 18 ਸਾਲ ਸੀ ਅਤੇ ਉਹ ਯੂਪੀ ਦਾ ਰਹਿਣ ਵਾਲਾ ਸੀ ਜੋ ਕਿ ਇਸ ਸਮੇਂ ਪਿੰਡ ਬੜਮਾਜਰਾ ਵਿਚ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਾਲ ਅਤੇ ਉਸ ਦੇ ਤਿੰਨ ਹੋਰ ਦੋਸਤ ਬੀਤੀ ਰਾਤ ਪਿੰਡ ਮੋਹਾਲੀ 'ਚ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਉਨ੍ਹਾਂ ਵਿਚ ਕਿਸੇ ਗੱਲ ਤੇ ਬਹਿਸਬਾਜ਼ੀ ਹੋ ਗਈ ਅਤੇ ਸ਼ਰਾਬ ਪੀ ਰਹੇ ਵਿਕਾਸ ਕੁਮਾਰ ਉਰਫ਼ ਗੋਲੀ ਨਾਮ ਦੇ ਨੌਜਵਾਨ (ਉਮਰ 19 ਸਾਲ) ਨੇ ਵਿਸ਼ਾਲ 'ਤੇ ਚਾਕੂ ਨਾਲ ਕਈ ਵਾਰ ਕੀਤੇ ਜਿਸ ਕਾਰਨ ਉਸਦੀ ਮੌਤ ਹੋ ਗਈ। ਝਗੜੇ ਤੋਂ ਬਾਅਦ ਇਹ ਤਿੰਨੇ ਵਿਅਕਤੀ ਵਿਸ਼ਾਲ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਵਿਕਾਸ ਦੇ ਦੋਵੇਂ ਸਾਥੀ ਮੌਕੇ ਤੋਂ ਫ਼ਰਾਰ ਹੋ ਗਏ ਜਦੋਂਕਿ ਵਿਕਾਸ ਕੁਮਾਰ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਵਿਕਾਸ ਕੁਮਾਰ ਨੇ ਪੁਲਿਸ ਕੋਲ ਆਪਣਾ ਜੁਰਮ ਕਬੂਲ ਕਰ ਲਿਆ ਹੈ। ਪੁਲਿਸ ਵਲੋਂ ਵਿਕਾਸ ਦੇ ਫ਼ਰਾਰ ਹੋਏ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਹ ਚਾਰੇ ਨੌਜਵਾਨ ਵਿਆਹ-ਸ਼ਾਦੀਆਂ ਤੇ ਹੋਰ ਪਾਰਟੀਆਂ ਵਿਚ ਖਾਣਾ ਬਣਾਉਣ ਅਤੇ ਵੇਟਰ ਦਾ ਕੰਮ ਕਰਦੇ ਸਨ ਅਤੇ ਬੀਤੀ ਰਾਤ ਵੀ ਕਿਸੇ ਪਾਰਟੀ ਤੋਂ ਬਾਅਦ ਇਕੱਠੇ ਹੋ ਕੇ ਸ਼ਰਾਬ ਪੀ ਰਹੇ ਸਨ।

ਹੋਰ ਖਬਰਾਂ »

ਹਮਦਰਦ ਟੀ.ਵੀ.