ਲੰਡਨ, 5 ਦਸੰਬਰ, ਹ.ਬ. : ਬਰਤਾਨੀਆ ਦੀ ਜੇਲ੍ਹ ਵਿਚ ਬੰਦ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜੁਡੀਸ਼ੀਅਲ ਹਿਰਾਸਤ ਕੋਰਟ ਨੇ ਇਕ ਵਾਰ ਫਿਰ ਵਧਾ ਦਿੱਤੀ ਹੈ। ਉਸ ਦੇ ਮਾਮਲੇ ਦੀ ਅਗਲੀ ਸੁਣਵਾਈ ਹੁਣ 2 ਜਨਵਰੀ ਨੂੰ ਹੋਵੇਗੀ। 12,500 ਕਰੋੜ ਰੁਪਏ ਦੇ ਬੈਂਕ ਘੁਟਾਲੇ ਦੇ ਮਾਮਲੇ ਵਿਚ ਭਾਰਤ ਸਰਕਾਰ ਨੇ ਉਸ ਦੀ ਹਵਾਲਗੀ ਲਈ ਬਰਤਾਨਵੀ ਕੋਰਟ ਵਿਚ ਅਰਜ਼ੀ ਲਾਈ ਹੋਈ ਹੈ। ਇਸ 'ਤੇ ਸੁਣਵਾਈ ਦੌਰਾਨ ਨੀਰਵ ਨੂੰ ਜੇਲ੍ਹ ਵਿਚ ਬਣਾਏ ਰੱਖਣ ਦਾ ਫ਼ੈਸਲਾ ਕੀਤਾ ਗਿਆ। ਨੀਰਵ ਮੋਦੀ ਨੂੰ ਬੁੱਧਵਾਰ ਨੂੰ 28 ਦਿਨਾਂ ਬਾਅਦ ਵੈਸਟਮਿੰਸਟਰ ਕੋਰਟ ਵਿਚ ਹੋਣ ਵਾਲੀ ਨਿਯਮਤ ਪੇਸ਼ੀ ਵਿਚ ਪੇਸ਼ ਕੀਤਾ ਗਿਆ ਸੀ। ਵੀਡੀਓ ਲਿੰਕ ਜ਼ਰੀਏ ਉਸ ਦੀ ਵੈਂਡਸਵਰਥ ਜੇਲ੍ਹ ਤੋਂ ਕੋਰਟ ਦੇ ਸਾਹਮਣੇ ਪੇਸ਼ੀ ਹੋਈ। ਸੁਣਵਾਈ ਵਿਚ ਜੱਜ ਗਰੇਥ ਬ੍ਰੈਂਸਟਨ ਨੇ ਕਿਹਾ ਕਿ ਨੀਰਵ ਦੀ ਹਵਾਲਗੀ ਅਰਜ਼ੀ 'ਤੇ 11 ਮਈ, 2020 ਤੋਂ ਸੁਣਵਾਈ ਹੋਵੇਗੀ ਅਤੇ ਉਸ ਨੂੰ ਪੰਜ ਦਿਨਾਂ ਵਿਚ ਪੂਰਾ ਕਰ ਲਿਆ ਜਾਵੇਗਾ। ਜੱਜ ਨੇ 2 ਜਨਵਰੀ ਦੀ ਅਗਲੀ ਸੁਣਵਾਈ ਵੀ ਵੀਡੀਓ ਲਿੰਕ ਜ਼ਰੀਏ ਹੀ ਕਰਨ ਦਾ ਆਦੇਸ਼ ਦਿੱਤਾ। ਜ਼ਿਕਰਯੋਗ ਹੈ ਕਿ ਨੀਰਵ ਨੂੰ ਹਰ ਸੁਣਵਾਈ ਤੋਂ ਬਾਅਦ 28 ਦਿਨਾਂ ਦੇ ਅੰਦਰ ਕੋਰਟ ਦੇ ਸਾਹਮਣੇ ਪੇਸ਼ ਕਰਨਾ ਜ਼ਰੂਰੀ ਹੈ। 48 ਸਾਲ ਦੇ ਹੀਰਾ ਕਾਰੋਬਾਰੀ ਨੇ ਜ਼ਮਾਨਤ ਪਟੀਸ਼ਨ ਦਾਇਰ ਕਰ ਕੇ ਘਰ ਵਿਚ ਨਜ਼ਰਬੰਦ ਕੀਤੇ ਜਾਣ ਦੀ ਸ਼ਰਤ ਨਾਲ ਜੇਲ੍ਹ ਤੋਂ ਰਿਹਾਈ ਦੀ ਮੰਗ ਕੀਤੀ ਹੈ। ਉਸ ਨੇ ਕਿਹਾ ਹੈ ਕਿ ਅੱਤਵਾਦੀ ਵਾਰਦਾਤਾਂ ਦੇ ਦੋਸ਼ੀਆਂ ਨਾਲ ਉਸ ਨੂੰ ਜੇਲ੍ਹ ਵਿਚ ਰੱਖਿਆ ਗਿਆ।

ਹੋਰ ਖਬਰਾਂ »

ਹਮਦਰਦ ਟੀ.ਵੀ.