ਬੈਗ ਤਿਆਰ ਕਰਨ ਵਾਲੀ ਫ਼ੈਕਟਰੀ ਵਿਚ ਸੌਂ ਰਹੇ ਸਨ 59 ਜਣੇ

ਨਵੀਂ ਦਿੱਲੀ, 8 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਦਿੱਲੀ ਦੀ ਇਕ ਫ਼ੈਕਟਰੀ ਵਿਚ ਅੱਗ ਲੱਗਣ ਕਾਰਨ ਘੱਟੋ-ਘੱਟ 45 ਜਣਿਆਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖ਼ਮੀ ਹੋ ਗਏ। ਅੱਗ, ਐਤਵਾਰ ਸਵੇਰੇ 5.30 ਵਜੇ ਲੱਗੀ ਅਤੇ ਉਸ ਵੇਲੇ ਸਕੂਲ ਬੈਗ ਤਿਆਰ ਵਾਲੀ ਫ਼ੈਕਟਰੀ ਵਿਚ 59 ਜਣੇ ਸੌਂ ਰਹੇ ਸਨ। ਜ਼ਿਆਦਾਤਰ ਮੌਤਾਂ ਦਮ ਘੁਟਣ ਕਾਰਨ ਹੋਈਆਂ। ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਮਹਿਜ਼ 3.5 ਕਿਲੋਮੀਟਰ ਦੂਰ ਸਥਿਤ ਅਨਾਜ ਮੰਡੀ ਦੇ ਰਿਹਾਇਸ਼ੀ ਇਲਾਕੇ ਵਿਚ ਵਾਪਰੇ ਅਗਨੀਕਾਂਡ ਦੀ ਜਾਂਚ ਕ੍ਰਾਈਮ ਬਰਾਂਚ ਦੇ ਸਪੁਰਦ ਕੀਤੀ ਗਈ ਹੈ। 4 ਮੰਜ਼ਿਲਾ ਮਕਾਨ ਦੀ ਦੂਜੀ ਮੰਜ਼ਿਲ 'ਤੇ ਫ਼ੈਕਟਰੀ ਚਲਾਈ ਜਾ ਰਹੀ ਸੀ ਅਤੇ ਫ਼ੈਕਟਰੀ ਦੇ ਮਾਲਕ ਵਿਰੁੱਧ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2-2 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਭਾਜਪਾ ਦੀ ਸੂਬਾ ਇਕਾਈ ਪੰਜ-ਪੰਜ ਲੱਖ ਰੁਪਏ ਦੇਵੇਗੀ। ਦਿੱਲੀ ਸਰਕਾਰ ਵੱਲੋਂ ਜ਼ਖਮੀਆਂ ਨੂੰ ਇਕ-ਇਕ ਲੱਖ ਰੁਪਏ ਦਿਤੇ ਜਾਣਗੇ ਜਦਕਿ ਭਾਜਪਾ ਨੇ 25-25 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਦਿੱਲੀ ਫ਼ਾਇਰ ਸਰਵਿਸ ਦੇ ਸੁਨੀਲ ਚੌਧਰੀ ਨੇ ਦੱਸਿਆ ਕਿ ਫ਼ੈਕਟਰੀ ਵਿਚ ਸਕੂਲ ਬੈਗ, ਪਾਣੀ ਵਾਲੀਆਂ ਬੋਤਲਾਂ ਅਤੇ ਹੋਰ ਕਾਫ਼ੀ ਸਾਮਾਨ ਪਿਆ ਸੀ ਜਿਸ ਕਾਰਨ ਅੱਗ ਤੇਜ਼ ਨਾਲ ਫ਼ੈਲੀ। ਉਨ•ਾਂ ਕਿਹਾ ਕਿ ਇਲਾਕੇ ਦੀਆਂ ਗਲੀਆਂ ਤੰਗ ਹੋਣ ਕਾਰਨ ਰਾਹਤ ਕਾਰਜਾਂ ਦੌਰਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੇਤੇ ਰਹੇ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਉਪਹਾਰ ਸਿਨੇਮਾ ਵਿਚ ਭਿਆਨਕ ਅਗਨੀਕਾਂਡ ਹੋਇਆ ਸੀ ਅਤੇ 59 ਜਣੇ ਮਾਰੇ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.