2020 ਤੱਕ ਦਿੱਲੀ ਦੇ ਸਾਰੇ ਗੁਰਦੁਆਰਿਆਂ ਵਿਚ ਹੋਣਗੇ ਡਿਪਾਰਟਮੈਂਟਲ ਸਟੋਰ
ਨਵੀਂ ਦਿੱਲੀ, 9 ਦਸੰਬਰ, ਹ.ਬ. : ਸਿੱਖ ਦੰਗਾ ਪੀੜਤਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਬਣਾਉਣ ਦੇ ਲਈ ਗੁਰਦੁਆਰਿਆਂ ਵਿਚ 1984 ਸਟੋਰ ਨਾਂ ਤੋਂ ਡਿਪਾਰਟਮੈਂਟ ਸਟੋਰ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਪਹਿਲਾ ਸਟੋਰ ਗੁਰਦੁਆਰਾ ਬੰਗਲਾ ਸਾਹਿਬ ਅਤੇ ਦੂਜਾ ਗੁਰਦੁਆਰਾ ਰਕਾਬਗੰਜ ਸਾਹਿਬ ਵਿਚ ਖੋਲ੍ਹਿਆ ਜਾਵੇਗਾ। 2020 ਤੱਕ ਦਿੱਲੀ ਦੇ ਸਾਰੇ 10 ਗੁਰਦੁਆਰਿਆਂ ਵਿਚ ਇਹ ਸਟੋਰ ਖੋਲ੍ਹ ਦਿੱਤੇ ਜਾਣਗੇ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਚਿਜੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਸਿੱਖ ਦੰਗਿਆਂ ਦੇ ਸ਼ਿਕਾਰ ਪਰਵਾਰਾਂ ਦੇ ਮੈਂਬਰ ਸਮੂਹਿਕ ਤੌਰ 'ਤੇ ਇਹ ਸਟੋਰ ਚਲਾਉਣਗੇ। ਕੋਆਪਰੇਟਿਵ ਦੀ ਤਰਜ 'ਤੇ ਇਨ੍ਹਾਂ ਦਾ ਪ੍ਰਬੰਧਨ ਕੀਤਾ ਜਾਵੇਗਾ। ਇਨ੍ਹਾਂ ਸਟੋਰਾਂ ਤੋਂ ਮਿਲਣ ਵਾਲਾ ਲਾਭ ਵੀ ਇਨ੍ਹਾਂ ਪਰਵਾਰਾਂ ਦੇ ਹਜ਼ਾਰਾ ਮੈਂਬਰਾਂ ਦੇ ਸਮਾਜਕ-ਆਰਥਿਕ ਵਿਕਾਸ ਦੇ ਲਈ ਖ਼ਰਚ ਕੀਤਾ ਜਾਵੇਗਾ।
ਇਨ੍ਹਾਂ ਡਿਪਾਰਟਮੈਂਟਲ ਸਟੋਰਾਂ ਵਿਚ ਘੀ, ਚੀਨੀ, ਖਾਣੇ ਦਾ ਤੇਲ, ਨਮਕ, ਆਟਾ, ਦਾਲ, ਚੌਲ, ਸਟੇਸ਼ਨਰੀ ਅਤੇ ਸੀਜਨ ਦੇ ਉਤਪਾਦਾਂ ਦੀ ਵਿਕਰੀ ਕੀਤੀ ਜਾਵੇਗੀ। ਇਨ੍ਹਾਂ ਤੋਂ ਇਹ ਵੀ ਲਾਭ ਹੋਵੇਗਾ ਕਿ ਗੁਰਦੁਆਰਿਆਂ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਸਿੱਖ ਧਰਮ ਨਾਲ ਜੁੜੀ ਧਾਰਮਿਕ, ਸੱਭਿਆਚਾਰਕ, ਅਧਿਆਤਮਿਕ ਵਸਤੂਆਂ ਆਸ ਪਾਸ ਹੀ ਮਿਲ ਜਾਣਗੀਆਂ। ਰੋਜ਼ਾਨਾ ਵਰਤੋਂ ਵਿਚ ਲਿਆਈ ਜਾਣ ਵਾਲੀ ਦਸਤਾਰਾਂ, ਕੰਘਾ, ਕਛਹਿਰਾ, ਕਿਰਪਾਣ, ਸਿੱਖ ਧਾਰਮਿਕ ਕਿਤਾਬਾਂ, ਸੀਡੀ, ਡੀਵੀਡੀ ਸਣੇ ਸਿੱਖ ਧਰਮ ਨਾਲ ਜੁੜੀ ਸਾਹਿਤਕ ਸਮੱਗਰੀ ਵੀ ਇੱਥੇ ਮਿਲ ਜਾਵੇਗੀ।
ਸਿਰਸਾ ਨੇ ਦੱਸਿਆ ਕਿ ਇਨ੍ਹਾਂ ਸਟੋਰਾਂ ਰਾਹੀਂ ਦੰਗਾ ਪੀੜਤ ਪਰਵਾਰਾਂ ਦੇ ਲੋਕ ਅਪਣੇ ਘਰਾਂ ਵਿਚ ਬਣਾਏ ਰੋਜ਼ਾਨਾ ਉਪਯੋਗ ਵਾਲੇ ਆਚਾਰ, ਮੁਰੱਬਾ, ਮਸਾਲੇ, ਪਾਪੜ, ਨਮਕੀਨ, ਮਠਿਆਈ, ਬਿਸਕੁਟ ਆਦਿ ਦੀ ਵਿਕਰੀ ਵੀ ਕਰ ਸਕਣਗੇ।

ਹੋਰ ਖਬਰਾਂ »

ਹਮਦਰਦ ਟੀ.ਵੀ.