ਮਿਊਜ਼ਿਕ ਕੰਪਨੀ ਦਾ ਪ੍ਰਮੋਟਰ ਦੱਸ ਕੇ ਮਾਰੀ ਠੱਗੀ




ਫਰੀਦਾਬਾਦ ਦੇ ਸਾਹਿਲ ਪੀਰਜ਼ਾਦਾ ਖ਼ਿਲਾਫ਼ ਕੇਸ ਦਰਜ
ਆਨਲਾਈਨ ਪੰਜ ਟਰਾਂਜੈਕਸ਼ਨਾਂ ਰਾਹੀਂ 1 ਲੱਖ 10 ਹਜ਼ਾਰ ਦੀ ਮਾਰੀ ਠੱਗੀ
ਪਟਿਆਲਾ, 10 ਦਸੰਬਰ, ਹ.ਬ. : ਪੰਜਾਬੀ ਗਾਇਕ ਪੰਮੀ ਬਾਈ ਨਾਲ ਕੋਕ ਸਟੂਡੀਓ 'ਚ ਗੀਤ ਗਵਾਉਣ ਦਾ ਝਾਂਸਾ ਦੇ ਕੇ ਆਨਲਾਈਨ ਲੱਖਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਫਰੀਦਾਬਾਦ ਦੇ ਸਾਹਿਲ ਪੀਰਜ਼ਾਦਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।  ਠੱਗਾਂ ਵਲੋਂ ਪੰਮੀ ਬਾਈ ਨੂੰ ਪੂਰੀ ਟੀਮ ਸਮੇਤ ਮੁੰਬਈ ਜਾਣ ਲਈ ਚੰਡੀਗੜ੍ਹ ਹਵਾਈ ਅੱਡੇ 'ਤੇ ਵੀ ਬੁਲਾ ਲਿਆ ਗਿਆ ਤੇ ਯੂਟਿਊਬ ਰਾਹੀਂ ਉਨ੍ਹਾਂ ਦੇ ਖਾਤੇ 'ਚ ਰਾਸ਼ੀ ਹੋਣ ਦਾ ਕਹਿ ਕੇ ਇਕ ਲੱਖ 9 ਹਜ਼ਾਰ 810 ਰੁਪਏ ਦੀ ਰਕਮ ਹੜੱਪ ਲਈ। ਇਸ ਸਬੰਧੀ ਥਾਣਾ ਅਨਾਜ ਮੰਡੀ ਪੁਲਿਸ ਨੇ ਪਰਮਜੀਤ ਸਿੰਘ ਉਰਫ਼ ਪੰਮੀ ਬਾਈ ਵਾਸੀ ਸਰਹੰਦ ਬਾਈਪਾਸ ਪਟਿਆਲਾ ਦੀ ਸ਼ਿਕਾਇਤ ਦੇ ਆਧਾਰ 'ਤੇ ਸਾਹਿਲ ਪੀਰਜ਼ਾਦਾ ਵਾਸੀ  ਫ਼ਰੀਦਾਬਾਦ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੰਮੀ ਬਾਈ ਨੇ ਦੱਸਿਆ ਕਿ 5 ਫਰਵਰੀ ਨੂੰ ਉਨ੍ਹਾਂ ਨੂੰ ਇਕ ਕੋਕ ਸਟੂਡੀਓ ਨਾਂ ਦੇ ਖਾਤੇ ਤੋਂ ਈਮੇਲ ਰਾਹੀਂ 11 ਫਰਵਰੀ ਨੂੰ ਗੀਤ ਦੀ ਰਿਹਰਸਲ ਤੇ 12 ਫਰਵਰੀ  ਨੂੰ ਕੋਕ ਸਟੂਡੀਓ ਮੁੰਬਈ ਵਿਖੇ ਰਿਕਾਰਡਿੰਗ ਹੋਣ ਦੀ ਸੂਚਨਾ ਮਿਲੀ। ਮੇਲ ਰਾਹੀਂ ਹੀ ਪੰਮੀ ਬਾਈ ਤੋਂ ਸਾਰਾ ਵੇਰਵਾ ਤੇ ਆਈਪੀਆਰਐੱਸ ਨੰਬਰ ਮੰਗਿਆ ਗਿਆ। ਇਹ ਨੰਬਰ ਨਾ ਹੋਣ 'ਤੇ ਫੋਨ ਰਾਹੀਂ ਗੱਲਬਾਤ ਸ਼ੁਰੂ ਹੋ ਗਈ। ਆਪਣੇ ਆਪ ਨੂੰ ਐੱਮਟੀਵੀ ਦਾ ਪੀਆਰਓ ਦੱਸਣ ਵਾਲੇ ਵਿਅਕਤੀ ਨੇ ਆਈਪੀਆਰਐੱਸ ਨੰਬਰ ਲੈਣ ਲਈ 26 ਹਜ਼ਾਰ 400 ਰੁਪਏ ਉਸ ਦੇ ਖਾਤੇ 'ਚ ਪੁਆ ਲਏ। ਇਸ ਤੋਂ ਬਾਅਦ ਵੀਡੀਓ ਦੇ ਰਾਈਟਸ ਲੈਣ ਲਈ 26 ਹਜ਼ਾਰ 400 ਰੁਪਏ ਹੋਰ ਖਾਤੇ 'ਚ ਪੁਆਏ। 10 ਫਰਵਰੀ ਨੂੰ ਨੀਲ ਬਖਸ਼ੀ ਨਾਂ ਦੇ ਵਿਅਕਤੀ ਦਾ ਫੋਨ ਆਇਆ ਤੇ ਯੂਟਿਊਬ ਖਾਤੇ 'ਚ 16 ਲੱਖ ਰੁਪਏ ਜਮ੍ਹਾਂ ਹੋਣ ਦਾ ਕਹਿ ਕੇ ਇਸ ਦਾ 1 ਫੀਸਦੀ ਟੈਕਸ 16 ਹਜ਼ਾਰ ਰੁਪਏ ਲੈ ਲਏ। ਇਸ ਤੋਂ ਬਾਅਦ ਐੱਮਟੀਵੀ 'ਤੇ ਆਉਣ ਲਈ 20 ਹਜ਼ਾਰ ਰੁਪਏ ਸਕਿਊਰਟੀ ਵਜੋਂ ਵੀ ਉਕਤ ਵਿਅਕਤੀ ਦੇ ਖਾਤੇ 'ਚ ਜਮ੍ਹਾਂ ਕਰਵਾ ਦਿੱਤੇ। ਇਸ ਦੌਰਾਨ ਵੱਖ ਵੱਖ ਸਮਿਆਂ 'ਤੇ ਆਨਲਾਈਨ ਪੰਜ ਟਰਾਂਜੈਕਸ਼ਨਾਂ ਰਾਹੀਂ ਇਕ ਲੱਖ 9 ਹਜ਼ਾਰ 810 ਰੁਪਏ ਦੀ ਠੱਗੀ ਮਾਰ ਲਈ।

ਹੋਰ ਖਬਰਾਂ »