ਲੁਧਿਆਣਾ, 10 ਦਸੰਬਰ, ਹ.ਬ. : ਸਿਰਫ ਪੈਸਿਆਂ ਦੇ ਲਈ ਕਿਸੇ ਦੀ ਜਾਨ ਲੈਣ, ਹੱਥ ਪੈਰ ਤੋੜਨ ਅਤੇ ਫਾਇਰਿੰਗ ਕਰਨ ਵਾਲੇ ਗੈਂਗਸਟਰ ਅਤੇ ਉਸ ਦੇ ਗਿਰੋਹ ਦੇ ਚਾਰ ਸਾਥੀ ਗੈਂਗਸਟਰਾਂ ਨੂੰ ਥਾਣਾ ਬਸਤੀ ਜੋਧੇਵਾਲਾ ਅਤੇ ਸੀਆਈਏ 1 ਦੀ ਟੀਮ ਨੇ ਸਾਂਝੇ ਅਪ੍ਰੇਸ਼ਨ ਦੌਰਾਨ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਨੂਰਵਾਲਾ ਰੋਡ ਨਿਵਾਸੀ ਜਸਪ੍ਰੀਤ ਸਿੰਘ  ਉਰਫ਼ ਜੱਸਾ, ਰਾਕੇਸ਼ ਕੁਮਾਰ ਉਰਫ ਕਾਲਾ ਬਾਹਮਣ, ਨਰੇਸ਼ ਉਰਫ ਲੱਕੀ ਗੁੱਜਰ, ਮੋਗਾ ਨਿਵਾਸੀ ਕੁਲਵਿੰਦਰ ਸਿੰਘ ਉਰਫ ਬੂਟਾ ਅਤੇ ਮੁਕਤਸਰ ਨਿਵਾਸੀ ਹਰਵਿੰਦਰ ਸਿੰਘ ਦੇ ਰੂਪ ਵਿਚ ਹੋਈ ਹੈ।
ਉਨ੍ਹਾਂ ਦੇ ਕਬਜ਼ੇ ਵਿਚੋਂ ਇੱਕ ਪਿਸਤੌਲ, ਖਿਡੌਣਾ ਪਿਸਤੌਲ, ਮੈਗਜੀਨ, ਗੋਲੀਆਂ, ਰਾਡ, ਦਾਤ ਅਤੇ ਆਈ 20 ਕਾਰ ਬਰਾਮਦ ਕੀਤੀ ਹੈ। ਫਿਲਹਾਲ ਮੁਲਜ਼ਮਾਂ ਦਾ ਲਿੰਕ ਲਹਿੰਬਰ ਗੈਂਗ ਨਾਲ ਦੱਸਿਆ ਜਾ ਰਿਹਾ ਹੈ। ਜਿਸ ਨੂੰ ਪੁਲਿਸ ਖੰਗਾਲ ਰਹੀ ਹੈ। ਖੁਲਾਸਾ ਡੀਸੀਪੀ ਸਿਮਰਤਪਾਲ ਸਿੰਘ ਢੀਂਡਸਾ, ਏਡੀਸੀਪੀ ਹਰੀਸ਼ ਕੁਮਾਰ ਦਯਾਮਾ, ਏਸੀਪੀ ਮਨਦੀਪ ਸਿੰਘ, ਐਸਐਚਓ ਅਰਸ਼ਪ੍ਰੀਤ ਕੌਰ ਅਤੇ ਸੀਆਈਏ ਇੰਚਾਰਜ ਅਵਤਾਰ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰਦੇ ਹੋਏ ਕੀਤਾ। ਥਾਣਾ ਜੋਧੇਵਾਲ ਅਤੇ ਸੀਆਈਏ 1 ਦੀ ਟੀਮ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਕਿਸੇ ਵਪਾਰੀ ਨੂੰ ਮਾਰਨ ਦੀ ਯੋਜਨਾ ਦੇ ਤਹਿਤ ਕਾਂਡ ਕਰਨ ਆ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਦੇ ਮੁਤਾਬਕ ਮੁਲਜ਼ਮ ਜੱਸੀ ਨੇ ਦੱਸਿਆ ਕਿ ਉਸ ਦਾ ਲਿੰਕ ਪਹਿਲਾਂ ਲਹਿੰਬਰ ਗੈਂਗ ਨਾਲ ਸੀ, ਉਹ ਉਨ੍ਹਾਂ ਦਾ ਸਰਗਰਮ ਮੈਂਬਰ ਹੋਇਆ ਕਰਦਾ ਸੀ। ਉਨ੍ਹਾਂ ਦੇ ਨਾਲ ਉਸ ਨੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ। ਲੇਕਿਨ 2014 ਵਿਚ ਉਸ ਨੇ ਗੈਂਗ ਤੋਂ ਅਲੱਗ ਹੋ ਕੇ ਅਪਣੀ ਮਾਸੀ ਦੇ ਬੇਟੇ ਕੁਲਵਿੰਦਰ ਸਿੰਘ ਬੂਟਾ ਦੇ ਨਾਲ ਮਿਲ ਕੇ ਅਪਣਾ ਅਲੱਗ ਗੈਂਗ ਖੜ੍ਹਾ ਕੀਤਾ।

ਹੋਰ ਖਬਰਾਂ »