ਕਸ਼ਮੀਰੀਆਂ ਨੇ ਦਹਿਸ਼ਤੀ ਗੁੱਟਾਂ ਨੂੰ ਹਮਾਇਤ ਦੇਣ ਲਈ ਪਾਕਿ ਨੂੰ ਘੇਰਿਆ
ਵਾਸ਼ਿੰਗਟਨ, 10 ਦਸੰਬਰ, ਹ.ਬ. : ਪਾਕਿਸਤਾਨ ਵਲੋਂ ਦਹਿਸ਼ਤੀ ਗੁੱਟਾਂ ਨੂੰ ਹਮਾਇਤ ਦਿੱਤੇ ਜਾਣ ਦੇ ਰੋਸ ਵਜੋਂ ਇੱਥੇ ਪਾਕਿਸਤਾਨੀ ਸਫ਼ਾਰਤਖਾਨੇ ਦੇ ਬਾਹਰ ਹੋਏ ਮੁਜ਼ਾਹਰੇ ਵਿਚ ਅਮਰੀਕਾ ਦੇ ਸਾਬਕਾ ਫ਼ੌਜੀਆਂ ਨੇ ਵੀ ਸ਼ਮੂਲੀਅਤ ਕੀਤੀ। ਪ੍ਰਦਰਸ਼ਨ ਕਸ਼ਮੀਰੀ ਪਰਵਾਸੀਆਂ ਅਤੇ ਭਾਰਤੀ-ਅਮਰੀਕੀਆਂ ਵਲੋਂ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ 'ਪਾਕਿਸਤਾਨ ਤਾਲਿਬਾਨ ਹੈ', 'ਪਾਕਿਸਤਾਨ ਦਹਿਸ਼ਤ ਮੁਲਕ ਹੈ' ਅਤੇ ਬਿਨ ਲਾਦੇਨ ਕਿੱਥੇ ਸੀ' ਜਿਹੇ ਨਾਅਰੇ ਲਾਉਂਦਿਆਂ ਮੰਗ ਕੀਤੀ ਕਿ ਪਾਕਿਸਤਾਨ ਨੂੰ ਅੱਤਵਾਦ ਨੂੰ ਸ਼ਹਿ ਦੇਣ ਵਾਲਾ ਮੁਲਕ ਐਲਾਨਿਆ ਜਾਵੇ।
ਸਾਬਕਾ ਫ਼ੌਜੀ ਡੇਵਿਡ ਡੀਨਸਟੈਗ ਨੇ ਕਿਹਾ, ਮੈਂ ਅਮਰੀਕਾ ਵਿਚ ਪਾਕਿਸਤਾਨ ਦੀ ਭੂਮਿਕਾ ਬਾਰੇ ਜਾਗਰੂਕ ਕਰਨ ਵਾਸਤੇ ਇੱਥੇ ਆਇਆ ਹਾਂ। ਪਾਕਿਸਤਾਨ ਤਾਲਿਬਾਨ ਦੀ ਹਮਾਇਤ ਕਰਕੇ ਅਮਰੀਕੀ ਪੁੱਤਾਂ ਧੀਆਂ ਨੂੰ ਮਾਰ ਰਿਹਾ ਹੈ। ਇਹ ਸਾਰਾ ਕੁਝ ਅਮਰੀਕੀ ਟੈਕਸਦਾਤਿਆਂ ਦੇ ਡਾਲਰਾਂ ਨਾਲ ਹੋ ਰਿਹਾ ਹੈ ਜਦ ਕਿ ਟੈਕਸਦਾਤੇ ਇਹ ਜਾਣਦੇ ਤੱਕ ਨਹੀਂ। ਭਾਰਤੀ ਅਮਰੀਕੀ ਮੈਂਗਾ ਅਨੰਤਾਤਮੁਲਾ ਨੇ ਦੋਸ਼ ਲਾਇਆ ਕਿ ਪਾਕਿਸਤਾਨ ਕਸ਼ਮੀਰ ਵਿਚ ਅੱਤਵਾਦ ਨੂੰ ਸ਼ਹਿ ਦੇ ਰਿਹਾ ਹੈ। ਦੁਨੀਆ ਕਸ਼ਮੀਰ ਵਿਚ ਕਤਲੇਆਮ ਬਾਰੇ ਨਹੀਂ ਜਾਣਦੀ ਹੈ। ਪਾਕਿਸਤਾਨ 25 ਹਜ਼ਾਰ ਤੋਂ ਵਧ ਕਸ਼ਮੀਰੀ ਹਿੰਦੂਆਂ ਦੇ ਕਤਲੇਆਮ ਲਈ ਜ਼ਿੰਮੇਵਾਰ ਹੈ। ਕਸ਼ਮੀਰੀ ਹਿੰਦੂਆਂ ਨੂੰ ਰਾਤੋ ਰਾਤ ਬੇਘਰ ਕਰ ਦਿੱਤਾ ਗਿਆ ਸੀ। ਡੈਮੋਕਰੇਟਿਕ ਪਾਰਟੀ ਵੱਲੋਂ ਚੋਣ ਲੜਲ ਜਾ ਰਹੀ ਅਨੰਤਾਤਮੁਲਾ ਨੇ ਕਿਹਾ ਕਿ ਉਹ ਦੁਨੀਆ ਨੂੰ ਦੱਸਣਾ ਚਾਹੁੰਦੇ ਹਨ ਕਿ ਪਾਕਿਸਤਾਨ ਅੱਤਵਾਦੀ ਮੁਲਕ ਹੈ। ਇੱਕ ਪ੍ਰਰਦਰਸ਼ਨਕਾਰੀ ਮਿਥਿਲਾ ਨੇ ਕਿਹਾ ਕਿ ਧਾਰਾ 370 ਅਤੇ 35 ਏ ਹਟਾਏ ਜਾਣ ਨਾਲ ਕਸ਼ਮੀਰੀਆਂ ਨੂੰ ਆਸ ਦੀ ਕਿਰਨ ਨਜ਼ਰ ਆਈ ਹੈ। ਉਹ ਜਦੋਂ ਤਿੰਨ ਸਾਲ ਦੀ ਸੀ ਤਾਂ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਦਹਿਸ਼ਤਗਰਦਾਂ ਨੇ ਉਸ ਦੇ ਪਰਵਾਰ ਨੂੰ ਕਸ਼ਮੀਰ ਵਾਦੀ ਵਿਚੋਂ ਜਾਣ ਲਈ ਮਜਬੂਰ ਕਰ ਦਿੱਤਾ ਸੀ। ਰੈਲੀ ਦੇ ਪ੍ਰਬੰਧਕ ਮੋਹਨ ਸਪਰੂ ਨੇ ਕਿਹਾ ਕਿ ਕਸ਼ਮੀਰੀ ਹਿੰਦੂਆਂ ਲਈ 1989 ਤੋਂ 1991 ਦਾ ਦੌਰ ਕਾਲਾ ਸੀ ਅਤੇ ਦੁਨੀਆ ਖਾਮੋਸ਼ ਸੀ ਪਰ ਦਹਿਸ਼ਤਗਰਦਾਂ ਨੇ ਮਨੁੱਖੀ ਹੱਕਾਂ ਦੀ ਉਲੰਘਣਾ ਕਰਦਿਆਂ 40 ਲੱਖ ਕਸ਼ਮੀਰੀ ਹਿੰਦੂਆਂ ਨੂੰ ਕਸ਼ਮੀਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ।

ਹੋਰ ਖਬਰਾਂ »

ਹਮਦਰਦ ਟੀ.ਵੀ.