ਬਲਾਚੌਰ, 11 ਦਸੰਬਰ, ਹ.ਬ. : ਬਲਾਚੌਰ ਦੇ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਮੈਮੋਰੀਅਲ ਸਰਕਾਰੀ ਹਸਪਤਾਲ ਵਿਖੇ ਇਕ ਔਰਤ ਨੇ ਤਿੰਨ ਲੜਕਿਆਂ ਨੂੰ ਜਨਮ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਔਰਤ ਤੇ ਤਿੰਨੋਂ ਬੱਚੇ ਤੰਦਰੁਸਤ ਹਨ। ਜਾਣਕਾਰੀ ਦਿੰਦਿਆ ਡਾ. ਭਮਨਦੀਪ ਕਮਲ ਨੇ ਦੱਸਿਆ ਕਿ ਗੜ੍ਹਸ਼ੰਕਰ ਤਹਿਸੀਲ ਵਿਚ ਪੈਂਦੇ ਪਿੰਡ ਬਿੰਝੋ ਦੀ ਬਿਮਲਾ (27) ਪਤਨੀ ਅਮਨਦੀਪ ਸਿੰਘ ਹਸਪਤਾਲ ਵਿਚ ਸਵੇਰੇ 9 ਵਜੇ ਆਏ ਸਨ। ਜਿਸ ਦੀ ਹਾਲਤ ਨੂੰ ਦੇਖਦੇ ਹੋਏ ਡਾ. ਮਨਦੀਪ ਕਮਲ ਤੇ ਡਾ. ਦੀਪਾਲੀ ਨੇ ਆਪਣੇ ਸਟਾਫ਼ ਨਾਲ ਮਿਲ ਕੇ ਨਾਰਮਲ ਡਿਲੀਵਰੀ ਕਰਵਾਈ। ਜਿਸ ਦੌਰਾਨ ਔਰਤ ਨੇ ਤਿੰਨ ਲੜਕਿਆਂ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਭਾਰ ਕ੍ਰਮਵਾਰ 01 ਕਿਲੋ 600 ਗ੍ਰਾਮ, 01 ਕਿਲੋ 800 ਗ੍ਰਾਮ, 01 ਕਿਲੋ 900 ਗ੍ਰਾਮ ਹੈ। ਇਹ ਬੱਚੇ ਥੋੜ੍ਹੇ ਕਮਜ਼ੋਰ ਹਨ। ਜਿਨ੍ਹਾਂ ਨੂੰ ਹੀਟ ਵਿਚ ਰੱਖਿਆ ਗਿਆ ਹੈ। ਉਸ ਤਰ੍ਹਾਂ ਬੱਚੇ ਸਵੱਸਥ ਹਨ। ਜ਼ਿਕਰਯੋਗ ਹੈ ਕਿ ਉਕਤ ਔਰਤ ਬਿਮਲਾ ਦਾ ਵਿਆਹ ਲਗਪਗ 5 ਸਾਲ ਪਹਿਲਾਂ ਹੋਇਆ ਸੀ। ਜਿਨ੍ਹਾਂ ਦਾ ਪਹਿਲਾਂ ਵੀ ਇਕ ਲੜਕਾ (3 ਸਾਲ) ਹੈ। ਬਿਮਲਾ ਦਾ ਪਤੀ ਅਮਨਦੀਪ ਸਿੰਘ 8 ਦਿਨ ਪਹਿਲਾਂ ਹੀ ਵਿਦੇਸ਼ ਗਿਆ ਹੈ ਘਰ ਵਿਚ ਖੁਸ਼ੀ ਦਾ ਮਾਹੌਲ ਹੈ ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲੇ ਰਿਸ਼ਤੇਦਾਰਾਂ ਦਾ ਤਾਂਤਾ ਲੱਗਾ ਹੋਇਆ ਹੈ। ਡਾ. ਮਨਦੀਪ ਕਮਲ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਜੱਚਾ ਤੇ ਬੱਚਾ ਲਈ ਪੂਰੇ ਪ੍ਰਬੰਧ ਹਨ। ਲੋਕ ਸਰਕਾਰੀ ਹਸਪਤਾਲ ਵਿਚ ਆਉਣ ਤੇ ਸਰਕਾਰੀ ਹਸਪਤਾਲਾ ਦੀਆਂ ਸੁਵਿਧਾਵਾਂ ਦਾ ਲਾਭ ਲੈਣ। ਸਰਕਾਰੀ ਹਸਪਤਾਲਾਂ ਵਿਚ ਡਿਲੀਵਰੀ ਬਿਲਕੁਲ ਮੁਫ਼ਤ ਹੁੰਦੀ ਹੈ ਅਤੇ ਉਨ੍ਹਾਂ ਦੇ ਆਉਣ ਜਾਣ ਦਾ ਖ਼ਰਚਾ, ਹੋਰ ਸਹਾਇਤਾ ਸਰਕਾਰ ਵੱਲੋਂ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਂਦੀਆਂ ਹਨ।

ਹੋਰ ਖਬਰਾਂ »

ਹਮਦਰਦ ਟੀ.ਵੀ.