ਹੁਸ਼ਿਆਰਪੁਰ, 12 ਦਸੰਬਰ, ਹ.ਬ. : ਫਾਇਨਾਂਸਰਾਂ ਤੋਂ ਦੁਖੀ ਹੋ ਕੇ ਅੱਜੋਵਾਲ ਦੀ ਇਕ ਔਰਤ ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਜਗਦੀਸ਼ ਅੱਤਰੀ ਪੁਲਿਸ ਮੁਲਾਜ਼ਮਾਂ ਨਾਲ ਮੌਕੇ 'ਤੇ ਪਹੁੰਚੇ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਜਸਵੀਰ ਕੌਰ ਪਤਨੀ ਰਾਕੇਸ਼ ਕੁਮਾਰ (37) ਵਾਸੀ ਅੱਜੇਵਾਲ ਵਜੋਂ ਹੋਈ ਹੈ। ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਜਗਜੀਤ ਸਿੱਧੂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੀ ਨੂੰਹ ਜਸਵੀਰ ਕੌਰ ਨੇ ਪਤੀ ਰਾਕੇਸ਼ ਕੁਮਾਰ ਨੂੰ ਕੁਵੈਤ ਭੇਜਣ ਲਈ ਵੱਖ-ਵੱਖ ਫਾਇਨਾਂਸਰਾਂ ਤੋਂ ਦੋ ਲੱਖ ਰੁਪਏ ਵਿਆਜ 'ਤੇ ਲਏ ਸਨ। ਛੇ ਮਹੀਨੇ ਪਹਿਲਾਂ ਰਾਕੇਸ਼ ਕੁਵੈਤ ਚਲਾ ਗਿਆ। ਉਸਦੀ ਗੈਰ ਹਾਜ਼ਰੀ 'ਚ ਜਸਵੀਰ ਕੌਰ ਆਪਣੀ ਬੁਟੀਕ ਤੋਂ ਹੋਣ ਵਾਲੀ ਆਮਦਨ ਨਾਲ ਫਾਇਨਾਂਸਰਾਂ ਨੂੰ ਸਮੇਂ-ਸਮੇਂ 'ਤੇ ਵਿਆਜ ਦਿੰਦੀ ਰਹਿੰਦੀ ਸੀ। ਇਕ ਲੱਖ ਰੁਪਏ ਦੇ ਕਰੀਬ ਰਾਸ਼ੀ ਵਾਪਸ ਵੀ ਕਰ ਦਿੱਤੀ ਸੀ ਪਰ ਇਕ ਲੱਖ ਰੁਪਏ ਦੇ ਕਰੀਬ ਵਿਆਜ ਦੇਣ ਤੋਂ ਉਹ ਅਸਮਰਥ ਹੋਈ ਪਈ ਸੀ। ਵਿਆਜ ਲੈਣ ਲਈ ਅਕਸਰ ਫਾਇਨਾਂਸਰ ਆਪਣੇ ਕਰਿੰਦਿਆਂ ਨਾਲ ਜਸਵੀਰ ਦੀ ਬੁਟੀਕ 'ਤੇ ਆ ਕੇ ਗਾਲੀ ਗਲੋਚ ਕਰਦੇ ਸਨ। ਕੁਝ ਫਾਇਨਾਂਸਰਾਂ ਨੇ ਦੋ ਮਹੀਨੇ ਪਹਿਲਾਂ ਰਸਤੇ 'ਚ ਰੋਕ ਕੇ ਉਸਦਾ ਸਕੂਟਰ ਵੀ ਖੋਹ ਲਿਆ ਸੀ, 15 ਦਿਨ ਪਹਿਲਾਂ ਬੁਟੀਕ 'ਚੋਂ ਫਾਇਨਾਂਸਰਾਂ ਦੇ ਕਰਿੰਦੇ ਲੈਪਟਾਪ ਵੀ ਚੁੱਕ ਕੇ ਲੈ ਗਏ। ਫਾਇਨਾਂਸਰਾਂ ਨੇ ਘਰ ਨਿਲਾਮ ਕਰਨ ਦੀਆਂ ਧਮਕੀਆਂ ਦਿੱਤੀਆਂ। ਜਗਜੀਤ ਕੁਮਾਰ ਸਿੱਧੂ ਨੇ ਦੱਸਿਆ ਕਿ ਫਾਇਨਾਂਸਰਾਂ ਤੋਂ ਦੁਖੀ ਹੋ ਕੇ ਮੰਗਲਵਾਰ ਨੂੰ ਜਸਵੀਰ ਕੌਰ ਨੇ ਸਲਫਾਸ ਨਿਗਲ ਲਈ ਹੈ। ਉਸ ਨੇ ਇਲਾਜ ਦੌਰਾਨ ਮੰਗਲਵਾਰ ਦੇਰ ਰਾਤ ਦਮ ਤੋੜ ਦਿੱਤਾ। ਜਸਵੀਰ ਕੌਰ ਦੇ ਸਹੁਰੇ ਜਗਜੀਤ ਸਿੱਧੂ ਦੇ ਬਿਆਨਾਂ ਦੇ ਆਧਾਰ 'ਤੇ ਸਦਰ ਪੁਲਿਸ ਨੇ ਖ਼ੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ ਹੇਠ ਪੰਜ ਫਾਇਨਾਂਸਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਸਵੀਰ ਦੀ ਮੌਤ ਦੀ ਖ਼ਬਰ ਸੁਣਨ ਉਪਰੰਤ ਸਾਰੇ ਮੁਲਜ਼ਮ ਫਰਾਰ ਦੱਸੇ ਜਾ ਰਹੇ ਹਨ। ਏਐੱਸਆਈ ਸਤੀਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਫਾਇਨਾਂਸਰ ਜਸ, ਹੰਸਰਾਜ, ਕ੍ਰਿਸ਼ਨਾ ਫਾਇਨਾਂਸ, ਚੌਹਾਨ ਫਾਇਨਾਂਸ ਤੇ ਐੱਸਐੱਨ ਫਾਇਨਾਂਸ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.