ਸੰਭਾਵਿਤ ਉਮੀਦਵਾਰਾਂ 'ਚ ਪੈਟ੍ਰਿਕ ਬਰਾਊਨ ਦੇ ਨਾਂ ਦੀ ਵੀ ਬੋਲ ਰਹੀ ਐ ਤੂਤੀ

ਬਰੈਂਪਟਨ, 26 ਦਸੰਬਰ (ਹਮਦਰਦ ਨਿਊਜ਼ ਸਰਵਿਸ) : ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਕੈਨੇਡਾ ਦੀ ਫੈਡਰਲ ਸਿਆਸਤ ਵਿੱਚ ਮੁੜ ਕਦਮ ਰੱਖ ਸਕਦੇ ਹਨ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਲਈ, ਜਿਨ•ਾਂ ਸੀਨੀਅਰ ਨੇਤਾਵਾਂ ਦੇ ਨਾਂ ਦੀ ਤੂਤੀ ਬੋਲ ਰਹੀ ਐ, ਉਨ•ਾਂ ਵਿੱਚ ਪੈਟ੍ਰਿਕ ਬਰਾਊਨ ਦੇ ਨਾਂ ਦਾ ਵੀ ਡਗਾ ਵੱਜ ਰਿਹਾ ਹੈ।
ਦੱਸ ਦੇਈਏ ਕਿ ਕੈਨੇਡਾ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਵਿੱਚ ਸ਼ਾਮਲ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਦਸੰਬਰ ਮਹੀਨੇ ਦੇ ਸ਼ੁਰੂ ਵਿੱਚ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਦੇ ਚਲਦਿਆਂ ਪਾਰਟੀ ਵੱਲੋਂ ਹੁਣ ਆਪਣੇ ਨਵੇਂ ਆਗੂ ਦੀ ਚੋਣ ਲਈ ਤਿਆਰੀਆਂ ਚੱਲ ਰਹੀਆਂ ਹਨ। ਸਿਆਸੀ ਟਿੱਪਣੀਕਾਰ ਕਿਆਸਅਰਾਈਆਂ ਲਾ ਰਹੇ ਹਨ ਕਿ ਪੀਸੀ ਪਾਰਟੀ ਦੀ ਲੀਡਰਸ਼ਿਪ ਦੌੜ ਲਈ ਸੀਨੀਅਰ ਟੋਰੀ ਨੇਤਾ ਰੋਨਾ ਐਂਬਰੋਜ਼, ਪੀਟਰ ਮੈਕੇ ਅਤੇ ਪਿਅਰੇ ਪੋਲੀਏਵਰ ਦੇ ਨਾਲ-ਨਾਲ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਦਾ ਨਾਂ ਵੀ ਸ਼ਾਮਲ ਹੋ ਸਕਦਾ ਹੈ। ਹਾਲਾਂਕਿ ਪੈਟ੍ਰਿਕ ਬਰਾਊਨ ਦਾ ਕਹਿਣਾ ਹੈ ਕਿ ਫੈਡਰਲ ਸਿਆਸਤ ਵਿੱਚ ਮੁੜ ਕਦਮ ਰੱਖਣ ਦੀ ਅਜੇ ਉਨ•ਾਂ ਦੀ ਕੋਈ ਯੋਜਨਾ ਨਹੀਂ ਹੈ। ਦੱਸ ਦੇਈਏ ਕਿ ਪੈਟ੍ਰਿਕ ਬਰਾਊਨ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਦੀ ਅਗਵਾਈ ਵਾਲੀ ਸਰਕਾਰ ਵਿੱਚ 2006 ਅਤੇ 2015 ਵਿਚਕਾਰ ਕੰਜ਼ਰਵੇਟਿਵ ਪਾਰਟੀ ਦੇ ਐਮਪੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਪੈਟ੍ਰਿਕ ਬਰਾਊਨ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਫੈਡਰਲ ਸਿਆਸਤ ਵਿੱਚ ਮੁੜ ਸ਼ਾਮਲ ਹੋਣ ਦਾ ਮੇਰਾ ਅਜੇ ਕੋਈ ਵਿਚਾਰ ਨਹੀਂ ਹੈ। ਮੈਂ ਬਰੈਂਪਟਨ ਵਿੱਚ ਹੀ ਖੁਸ਼ ਹਾਂ। ਮੇਰੇ ਫੈਡਰਲ ਸਿਆਸਤ ਵਿੱਚ ਜਾਣ ਨਾਲ ਮੇਰੀ ਪਤਨੀ ਵੀ ਜ਼ਿਆਦਾ ਖੁਸ਼ ਹੁੰਦੀ ਨਜ਼ਰ ਨਹੀਂ ਆਉਂਦੀ। ਪੈਟ੍ਰਿਕ ਬਰਾਊਨ ਨੇ ਕਿਹਾ ਕਿ ਮੈਂ ਗ਼ੈਰ-ਪੱਖਪਾਤੀ ਮਿਉਂਸਪਲ ਸਿਆਸਤ ਦਾ ਆਨੰਦ ਮਾਣ ਰਿਹਾ ਹਾਂ। ਉਨ•ਾਂ ਕਿਹਾ ਕਿ ਮੈਨੂੰ ਵਿਤਕਰੇ ਵਾਲੀ ਸਿਆਸਤ ਪਸੰਦ ਨਹੀਂ ਹੈ, ਜਿੱਥੇ ਹਰ ਕੋਈ ਕਿਸੇ ਨਾ ਕਿਸੇ ਦੀ ਲੱਤ ਖਿੱਚਦਾ ਰਹਿੰਦਾ ਹੈ। ਮਿਉਂਸਪਲ ਸਿਆਸਤ ਦੀ ਇੱਕ ਖਾਸੀਅਤ ਇਹ ਹੈ ਕਿ ਇੱਥੇ ਹਰ ਇੱਕ ਦੇ ਸਹਿਯੋਗ ਨਾਲ ਕੰਮ ਹੁੰਦਾ ਹੈ। ਸਾਰਿਆਂ ਨਾਲ ਇਕਜੁੱਟ ਕੇ ਕੰਮ ਕਰਨ ਵਿੱਚ ਮਜ਼ਾ ਵੀ ਆਉਂਦਾ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.