ਹਜ਼ਾਰਾਂ ਘਰਾਂ ਦੀ ਬੱਤੀ ਗੁੱਲ, ਹਜ਼ਾਰਾਂ ਉਡਾਣਾਂ ਰੱਦ

ਵਾਸ਼ਿੰਗਟਨ, 12 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਅਮਰੀਕਾ ਦੇ ਦੱਖਣੀ ਰਾਜਾਂ ਵਿਚ ਬਰਫ਼ੀਲੇ ਤੂਫ਼ਾਨ, ਭਾਰੀ ਮੀਂਹ ਅਤੇ ਹੜ•ਾਂ ਕਾਰਨ 12 ਜਣਿਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਤੂਫ਼ਾਨ ਦਾ ਸਭ ਤੋਂ ਵੱਧ ਅਸਰ ਟੈਕਸਸ, ਓਕਲਾਹੋਮਾ, ਲੂਈਸਿਆਨਾ, ਇਲੀਨੋਇਸ ਅਤੇ ਮਿਸੋਰੀ ਰਾਜਾਂ ਵਿਚ ਵੇਖਿਆ ਗਿਆ। ਤੂਫ਼ਾਨ ਕਾਰਨ ਘੱਟੋ-ਘੱਟ 3 ਕਰੋੜ ਅਮਰੀਕੀਆਂ ਦੇ ਪ੍ਰਭਾਵਤ ਹੋਣ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਸ਼ਿਕਾਗੋ ਦੇ ਐਵੀਏਸ਼ਨ ਵਿਭਾਗ ਨੇ ਦੱਸਿਆ ਕਿ ਸ਼ਹਿਰ ਦੇ ਦੋ ਕੌਮਾਂਤਰੀ ਹਵਾਈ ਅੱਡਿਆਂ ਤੋਂ 1200 ਤੋਂ ਵੱਧ ਉਡਾਣਾਂ ਰੱਦ ਕਰ ਦਿਤੀਆਂ ਗਈਆਂ। ਓਕਲਾਹੋਮਾ ਅਤੇ ਅਰਕੰਸਾਸ ਵਿਚ ਹੜ•ਾਂ ਕਾਰਨ ਕਈ ਹਾਈਵੇਅ ਬੰਦ ਕਰਨੇ ਪਏ। ਟੈਕਸਸ ਵਿਚ ਸ਼ਨਿੱਚਰਵਾਰ ਨੂੰ ਇਕ ਪੁਲਿਸ ਅਫ਼ਸਰ ਅਤੇ ਰਾਹਤ ਕਾਮੇ ਦੀ ਮੌਤ ਹੋ ਗਈ ਜਦਕਿ ਓਕਲਾਹੋਮਾ ਵਿਖੇ ਹੜ• ਦੇ ਪਾਣੀ ਵਿਚ ਡੁੱਬਣ ਕਾਰਨ ਇਕ ਸ਼ਖਸ ਜਾਨ ਤੋਂ ਹੱਥ ਧੋ ਬੈਠਾ। ਲੂਈਸਿਆਨਾ ਵਿਖੇ ਇਕ ਘਰ ਢਹਿਣ ਕਾਰਨ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਜਦਕਿ ਟਰੱਕ ਪਲਟਣ ਕਾਰਨ ਇਕ ਹੋਰ ਦਮ ਤੋੜ ਗਿਆ। ਟੈਕਸਸ ਅਤੇ ਅਲਾਬਾਮਾ ਵਿਖੇ ਹਜ਼ਾਰਾਂ ਘਰਾਂ ਦੀ ਬਿਜਲੀ ਗੁੱਲ ਹੋ ਗਈ ਅਤੇ ਲੋਕ ਹਨੇਰੇ ਵਿਚ ਬੈਠਣ ਲਈ ਮਜਬੂਰ ਹੋ ਗਏ। ਨੈਸ਼ਨਲ ਵੈਦਰ ਸਰਵਿਸ ਵੱਲੋਂ 218 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ ਅਤੇ ਐਤਵਾਰ ਸਵੇਰੇ ਵੀ ਮੁੜ ਤੂਫ਼ਾਨ ਆਉਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਗਿਆ।

ਹੋਰ ਖਬਰਾਂ »