ਨਵੀਂ ਦਿੱਲੀ, 15 ਜਨਵਰੀ, ਹ.ਬ. : ਤਰਨਜੀਤ ਸਿੰਘ ਸੰਧੂ ਨੂੰ ਅਮਰੀਕਾ ਵਿਚ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ  ਗਿਆ ਹੈ। ਉਹ ਵਰਤਮਾਨ ਵਿਚ ਸ੍ਰੀਲੰਕਾ ਵਿਚ ਭਾਰਤ ਦੇ ਰਾਜਦੂਤ ਹਨ। ਸੰਧੂ ਅਮਰੀਕਾ ਵਿਚ ਹਰਸ਼ਵਰਧਨ ਦੀ ਥਾਂ 'ਤੇ ਨਿਯੁਕਤ ਕੀਤੇ ਗਏ ਹਨ। ਹਰਸ਼ਵਰਧਨ ਇਸੇ ਹਫ਼ਤੇ ਭਾਰਤ ਪਰਤੇ ਹਨ ਅਤੇ ਉਹ ਹੁਣ ਵਿਦੇਸ਼ ਸਕੱਤਰ ਦੀ ਜ਼ਿੰਮੇਵਾਰੀ ਸੰਭਾਲਣਗੇ।
ਦੱਸ ਦੇਈਏ ਕਿ ਭਾਰਤ ਦੇ ਮੌਜੂਦਾ ਵਿਦੇਸ਼ ਸਕੱਤਰ ਵਿਜੇ ਗੋਖਲੇ ਇਸੇ ਮਹੀਨੇ ਦੇ ਆਖਰ ਵਿਚ ਸੇਵਾ ਮੁਕਤ ਹੋਣ ਵਾਲੇ ਹਨ। ਗੋਖਲੇ ਦੀ ਥਾਂ 'ਤੇ ਹਰਸ਼ਵਰਧਨ ਨੂੰ ਨਵਾਂ ਵਿਦੇਸ਼ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸੰਧੂ ਨੂੰ ਅਮਰੀਕਾ ਦਾ ਰਾਜਦੂਤ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਜਾਵੇਦ ਅਸ਼ਰਫ ਜੋ ਅਜੇ ਸਿੰਗਾਪੁਰ ਦੇ ਰਾਜਦੂਤ ਹਨ ਨੂੰ ਫਰਾਂਸ ਦਾ ਰਾਜਦੂਤ ਨਿਯੁਕਤ ਕੀਤਾ ਗਿਆ ਹੈ।
ਪਿਛਲੇ ਕੁਝ ਸਾਲਾਂ ਵਿਚ ਭਾਰਤ ਅਤੇ ਫਰਾਂਸ ਦੇ ਵਿਚ  ਸਬੰਧ ਕਾਫੀ ਮਜ਼ਬੂਤ ਹੋਏ ਹਨ। ਫਰਾਂਸ ਦੇ ਮੌਜੂਦਾ ਰਾਜਦੂਤ ਵਿਨੈ ਕਵਾਰਤਾ ਨੇਪਾਲ ਦੇ ਰਾਜਦੂਤ ਦੀ ਜ਼ਿੰਮੇਵਾਰੀ ਸੰਭਾਲਣਗੇ। ਨੇਪਾਲ ਦੇ ਮੌਜੂਦਾ ਰਾਜਦੂਤ ਹਾਲ ਹੀ ਵਿਚ ਸੇਵਾ ਮੁਕਤ ਹੋਏ ਹਨ।
ਅਮਰੀਕਾ ਦੇ ਨਵੇਂ ਰਾਜਦੂਤ ਤਰਨਜੀਤ ਸਿੰਘ ਸੰਧੂ ਵਾਸ਼ਿੰਗਟਨ ਡੀਸੀ ਦੇ ਗਲਿਆਰਿਆਂ 'ਚ ਜਾਣਿਆ ਪਛਾਣਿਆ ਚਿਹਰਾ ਹਨ। ਇਸ ਤੋਂ ਪਹਿਲਾਂ 2013 ਤੋਂ 2017 ਤੱਕ ਉਨ੍ਹਾਂ ਨੇ ਡਿਪਟੀ ਚੀਫ਼ ਆਫ਼ ਮਿਸ਼ਨ ਇਨ ਵਾਸ਼ਿੰਗਟਨ ਦੀ ਜ਼ਿੰਮੇਵਾਰੀ ਨਿਭਾਈ ਹੈ। ਵਾਸ਼ਿੰਗਟਨ ਵਿਚ ਭਾਰਤੀ ਮਿਸ਼ਨ ਦੇ ਤਹਿਤ 1997 ਤੋਂ 2000 ਵਿਚ ਵੀ ਉਹ ਤੈਨਾਤ ਰਹੇ ਸੀ।
ਅਮਰੀਕਾ ਦੇ ਰਾਜਦੂਤ ਦੇ ਤੌਰ 'ਤੇ ਤਰਨਜੀਤ ਸੰਧੂ ਦੀ ਨਿਯੁਕਤੀ ਬੇਹੱਦ ਮਹੰਤਵਪੂਰਣ ਮੰਨੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਫਰਵਰੀ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਭਾਰਤ ਦਾ ਦੌਰਾ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸੰਧੂ ਦੀ ਨਿਯੁਕਤੀ ਮਹੱਤਵਪੂਰਣ ਹੈ।

ਹੋਰ ਖਬਰਾਂ »

ਅੰਤਰਰਾਸ਼ਟਰੀ

ਹਮਦਰਦ ਟੀ.ਵੀ.