ਕੈਲੇਫੋਰਨੀਆ ਦੇ ਓਰੈਂਜਵੇਲ 'ਚ ਸਥਿਤ ਗੁਰੂ ਘਰ ਦੇ ਬਾਹਰ ਲਿਖਿਆ 'ਵਾਈਟ ਪਾਵਰ'

ਓਰੈਂਜਵੇਲ (ਕੈਲੇਫੋਰਨੀਆ), 15 ਜਨਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਸਿੱਖਾਂ ਨਾਲ ਨਸਲੀ ਵਿਤਕਰੇ ਅਤੇ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀ ਹਨ। ਤਾਜ਼ਾ ਮਾਮਲਾ ਕੈਲੇਫੋਰਨੀਆ ਦੇ ਓਰੈਂਜਵੇਲ ਤੋਂ ਸਾਹਮਣੇ ਆਇਆ ਹੈ, ਜਿੱਥੇ ਸਿੱਖ ਭਾਈਚਾਰੇ ਵੱਲੋਂ ਨਵੇਂ ਬਣਾਏ ਗਏ 'ਗੁਰੂ ਮਾਨਿਓ ਗ੍ਰੰਥ' ਗੁਰੂ ਘਰ ਦੇ ਬਾਹਰ ਕਿਸੇ ਨੇ ਨਸਲੀ ਟਿੱਪਣੀ ਕੀਤੀ। ਕੈਲੇਫੋਰਨੀਆ 'ਚ ਸੈਕਰਾਮੈਂਟੋ ਦੇ ਉੱਤਰ-ਪੂਰਬ ਵਿੱਚ ਸਥਿਤ ਖੇਤਰ ਓਰੈਂਜਵੇਲ ਵਿੱਚ ਨਵੇਂ ਬਣੇ 'ਗੁਰੂ ਮਾਨਿਓਂ ਗ੍ਰੰਥ ਗੁਰਦੁਆਰਾ ਸਾਹਿਬ' ਦੇ ਪ੍ਰਵੇਸ਼ ਦੁਆਰ 'ਤੇ ਲਾਏ ਗਏ ਪੱਥਰ 'ਤੇ ਕਿਸੇ ਨੇ ਨਸਲੀ ਟਿੱਪਣੀ ਕਰਦਿਆਂ 'ਵਾਈਟ ਪਾਵਰ' ਲਿਖ ਦਿੱਤਾ। ਸਿੱਖ ਭਾਈਚਾਰੇ ਵੱਲੋਂ ਇਸ 'ਤੇ ਸਖ਼ਤ ਇਤਰਾਜ਼ ਪ੍ਰਗਟਾਇਆ ਜਾ ਰਿਹਾ ਹੈ।
ਓਰੈਂਜਵੇਲ ਸਿੱਖ ਕਮਿਊਨਿਟੀ ਦੇ ਮੈਂਬਰ ਡਿੰਪਲ ਭੁੱਲਰ ਨੇ ਕਿਹਾ ਕਿ ਗੁਰੂ ਘਰ ਦੇ ਬਾਹਰ ਲਿਖੇ ਗਏ ਨਫ਼ਰਤ ਭਰੇ ਸੰਦੇਸ਼ ਕਾਰਨ ਉਹ ਬਹੁਤ ਹੈਰਾਨ ਤੇ ਪ੍ਰੇਸ਼ਾਨ ਹਨ, ਕਿਉਂਕਿ ਕੋਈ ਵੀ ਸਮੂਹ ਜਾਂ ਭਾਈਚਾਰਾ ਇਸ ਕਿਸਮ ਦੀ ਕੱਟੜਪੰਥੀ ਦਾ ਨਿਸ਼ਾਨਾ ਨਹੀਂ ਬਣਨਾ ਚਾਹੀਦਾ। ਸਿੱਖ ਭਾਈਚਾਰਾ 125 ਸਾਲਾਂ ਤੋਂ ਕੈਲੇਫੋਰਨੀਆ ਦਾ ਅਟੁੱਟ ਅੰਗ ਹੈ ਅਤੇ ਕਿਸੇ ਵੱਲੋਂ ਇਸ ਭਾਈਚਾਰੇ ਵਿਰੁੱਧ ਨਸਲੀ ਟਿੱਪਣੀਆਂ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਸੈਕਰਾਮੈਂਟੋ 'ਚ ਅਮਰੀਕੀ-ਇਸਲਾਮਿਕ ਸਬੰਧਾਂ ਦੀ ਕੌਂਸਲ ਦੇ ਕਾਰਜਕਾਰੀ ਡਾਇਰੈਕਟਰ ਬਾਸਿਮ ਐਲਕਾਰਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਭਾਈਚਾਰਿਆਂ ਨਾਲ ਹੁੰਦੀ ਨਸਲੀ ਹਿੰਸਾ ਵਿਰੁੱਧ ਖੜ•ੇ ਹੋਣਾ ਚਾਹੀਦਾ ਹੈ। ਇਸ ਕਾਰਨ ਅਸੀਂ ਸਿੱਖ ਭਾਈਚਾਰੇ ਨਾਲ ਖੜ•ੇ ਹਾਂ। ਤਾਜ਼ਾ ਮਾਮਲੇ ਦਾ ਜੇਕਰ ਕੋਈ ਮੌਕੇ ਦਾ ਗਵਾਹ ਹੈ ਤਾਂ ਉਸ ਨੂੰ ਅੱਗੇ ਆਉਣਾ ਚਾਹੀਦਾ  ਹੈ ਤਾਂ ਜੋ ਦੋਸ਼ੀ ਨੂੰ ਸਜ਼ਾ ਦਿਵਾਈ ਜਾ ਸਕੇ। ਇਸ ਘਟਨਾ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ, ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.